ਪੰਜਾਬ ਦਾ ਪੁੱਤ ਕੈਨੇਡਾ ਵਿਚ ਬਣਿਆ ਪਾਇਲਟ, ਮਾਪਿਆਂ ਦਾ ਨਾਂਅ ਕੀਤਾ ਰੌਸ਼ਨ 

ਏਜੰਸੀ

ਖ਼ਬਰਾਂ, ਪੰਜਾਬ

ਪ੍ਰੀਖਿਆ ਪਾਸ ਕਰ ਕੇ ਹਾਸਲ ਕੀਤਾ ਪ੍ਰਾਈਵੇਟ ਹਵਾਈ ਜਹਾਜ਼ ਚਲਾਉਣ ਦਾ ਲਾਇਸੈਂਸ

Karandeep Singh Brar

ਸਮਾਲਸਰ - ਪੰਜਾਬ ਦੇ ਨੌਜਵਾਨ ਨੇ ਕੈਨੇਡਾ ਵਿਚ ਵੱਡਾ ਮੁਕਾਮ ਹਾਸਲ ਕੀਤਾ ਹੈ। ਦਰਅਸਲ ਪਿੰਡ ਲੰਡੇ, ਸਮਾਲਸਰ ਦਾ ਨੌਜਵਾਨ ਕੈਨੇਡਾ ਵਚ ਪਾਇਲਟ ਬਣਿਆ ਹੈ ਤੇ ਨੌਜਵਾਨ ਨੇ ਇਹ ਮੁਕਾਮ ਹਾਸਲ ਕਰ ਕੇ ਮਾਪਿਆਂ ਤੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਨੌਜਵਾਨ ਕਰਨਦੀਪ ਸਿੰਘ ਬਰਾੜਲ ਇਸ ਪਿੰਡ ਦੇ ਹੈੱਡਮਾਸਟਰ ਮਰਹੂਮ ਸਰਵਨ ਸਿੰਘ ਦੇ ਪੜਪੋਤੇ ਤੇ ਸਾਹਿਤਕਾਰ ਮਰਹੂਮ ਪ੍ਰੀਤਮ ਬਰਾੜ ਲੰਡੇ ਦੇ ਵੱਡੇ ਭਰਾ ਸ਼ਮਿੱਤਰ ਸਿੰਘ ਦਾ ਪੋਤਰਾ ਹੈ। ਸਾਬਕਾ ਜ਼ਿਲ੍ਹਾ ਯੂਨਿਟ ਅਫ਼ਸਰ ਪ੍ਰਦੀਪ ਸਿੰਘ ਬਰਾੜ ਤੇ ਸਾਬਕਾ ਪ੍ਰਿੰਸੀਪਲ (ਨਰਸਿੰਗ ਸਕੂਲ ਬਠਿੰਡਾ) ਗੁਰਦੀਪ ਕੌਰ ਬਰਾੜ ਦਾ ਹੋਣਹਾਰ ਪੁੱਤਰ ਕਰਨ ਸਿੰਘ ਬਰਾੜ ਕੁੱਝ ਸਾਲ ਪਹਿਲਾਂ ਹੀ ਕੈਨੇਡਾ ਵਿਚ ਪੜ੍ਹਾਈ ਕਰਨ ਗਿਆ ਸੀ। ਉਸ ਨੇ ਆਪਣੀ ਮਿਹਨਤ ਦੇ ਬਲਬੂਤੇ ਕੈਨੇਡਾ ਵਿਚ ਬ੍ਰਿਸ਼ਟ ਕੋਲੰਬੀਆ ਦੇ ਸ਼ਹਿਰ ਡੈਲਟਾ ਦੇ ਇੰਟਰਨੈਸ਼ਨਲ ਫਲਾਈਟ ਸੈਂਟਰ ਵਿਚ ਦਾਖ਼ਲਾ ਲਿਆ ਸੀ ਅਤੇ ਪ੍ਰੀਖਿਆ ਪਾਸ ਕਰ ਕੇ ਪ੍ਰਾਈਵੇਟ ਹਵਾਈ ਜਹਾਜ਼ ਚਲਾਉਣ ਦਾ ਲਾਇਸੈਂਸ ਪ੍ਰਾਪਤ ਕੀਤਾ।  ਇਸ ਖੁਸ਼ੀ ਮੌਕੇ ਰਿਸ਼ਤੇਦਾਰ ਦੋਸਤਾਂ ਮਿੱਤਰਾਂ ਨੇ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ। ਭਾਰਤੀ ਕਿਸਾਨ ਯੂਨੀਅਨ (ਖੋਸਾ) ਵੱਲੋਂ ਕਰਨ ਬਰਾੜ ਦਾ ਵਿਸ਼ੇਸ਼ ਸਨਮਾਨ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ।