ਮਾਪਿਆਂ ਨੂੰ ਅਜੇ ਤੱਕ ਨਹੀਂ ਮਿਲਿਆ 2 ਪਹਿਲਾਂ ਵਿਦੇਸ਼ 'ਚ ਹੋਈ ਪੁੱਤ ਦੀ ਮੌਤ ਦਾ ਇਨਸਾਫ਼  

ਏਜੰਸੀ

ਖ਼ਬਰਾਂ, ਪੰਜਾਬ

ਸ਼ਿਪ ’ਤੇ ਬਿਮਾਰ ਹੋਣ ਤੇ ਸਹੀ ਇਲਾਜ ਨਾ ਹੋਣ ਕਾਰਨ ਪੁੱਤਰ ਦੀ ਮੌਤ ਹੋ ਗਈ ਜਿਸ ਦਾ ਪਤਾ ਵੀ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਸਾਥੀਆਂ ਤੋਂ ਲੱਗਿਆ

File Photo

 

ਚੰਡੀਗੜ੍ਹ - ਵਿਦੇਸ਼ ਭੇਜੇ ਪੁੱਤ ਦੀ ਮੌਤ ਤੋਂ ਬਾਅਦ ਇਨਸਾਫ਼ ਲਈ ਮਾਪੇ ਸੰਘਰਸ਼ ਕਰ ਰਹੇ ਹਨ। ਪਿੰਡ ਸਾਹਰੀ ਦੇ ਪਰਿਵਾਰ ਨੂੰ ਉਸ ਸਮੇਂ ਇਨਸਾਫ਼ ਦੀ ਆਸ ਬੱਝੀ ਜਦੋਂ ਥਾਣਾ ਮੇਹਟੀਆਣਾ ਪੁਲਿਸ ਨੇ ਟਰੈਵਲ ਏਜੰਟ ਖ਼ਿਲਾਫ਼ ਠੱਗੀ ਮਾਰਨ ਤੇ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ। ਮੀਨਾ ਕੁਮਾਰੀ ਵਾਸੀ ਪਿੰਡ ਸਾਹਰੀ ਨੇ ਦੱਸਿਆ ਕਿ ਉਨ੍ਹਾਂ ਨੇ ਟਰੈਵਲ ਏਜੰਟ ਦੀਪਕ ਕੁਮਾਰ ਵਾਸੀ ਕੇਸਰਗੰਜ, ਲੁਧਿਆਣਾ ਦੇ ਕਹਿਣ 'ਤੇ ਆਪਣੇ ਪੁੱਤਰ ਸੰਦੀਪ ਕੁਮਾਰ ' ਨੂੰ ਮਰਚੈਂਟ ਨੇਵੀ ਵਿਚ ਭਰਤੀ ਕਰਵਾਉਣ ਲਈ ਲੱਖਾਂ ਰੁਪਏ ਦਾ ਕਰਜ਼ਾ ਲਿਆ ਸੀ। ਏਜੰਟ ਨੇ ਉਨ੍ਹਾਂ ਦੇ ਪੁੱਤਰ ਨੂੰ ਈਰਾਨ ਭੇਜਿਆ ਸੀ

ਪਰ ਸ਼ਿਪ ’ਤੇ ਬਿਮਾਰ ਹੋਣ ਤੇ ਸਹੀ ਇਲਾਜ ਨਾ ਹੋਣ ਕਾਰਨ ਪੁੱਤਰ ਦੀ ਮੌਤ ਹੋ ਗਈ ਜਿਸ ਦਾ ਪਤਾ ਵੀ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਸਾਥੀਆਂ ਤੋਂ ਲੱਗਿਆ। ਪੁੱਤਰ ਦੀ ਲਾਸ਼ ਘਰ ਮੰਗਵਾਉਣ ਲਈ ਵੀ ਮਾਪਿਆਂ ਨੂੰ ਕਾਫ਼ੀ ਜੱਦੋਜਹਿਦ ਕਰਨੀ ਪਈ। ਟਰੈਵਲ ਏਜੰਟ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਦੀ ਬਕਾਇਆ ਤਨਖ਼ਾਹ ਤੇ ਬੀਮੇ ਦਾ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ

 ਜਿਸ ਨੂੰ ਲੈ ਕੇ ਉਹ ਅਪਣਾ ਕਰਜ਼ਾ ਮੋੜਨ ਤੋਂ ਵੀ ਅਸਮਰੱਥ ਹਨ। ਉਹਨਾਂ ਕਿਹਾ ਕਿ ਜਦੋਂ ਉਹ ਕੁੱਝ ਪੁੱਛਦੇ ਹਨ ਤਾਂ ਟਰੈਵਲ ਏਜੰਟ ਧਮਕੀਆਂ ਦਿੰਦਾ ਹੈ। ਇਸ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਵੀ ਦਰਖ਼ਾਸਤ ਦਿੱਤੀ। ਮੀਨਾ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਅਪਣਏ ਪੁੱਤ ਦੀ ਮੌਤ ਦਾ ਇਨਸਾਫ਼ ਲੈਣ ਲਈ ਬਹੁਤ ਸੰਘਰਸ਼ ਕੀਤਾ ਹੈ।  ਉਹਨਾਂ ਨੇ ਇਹ ਸਾਰਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਵੀ ਲਿਆਂਦਾ ਤੇ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।