Punjab News: ਅਚਾਨਕ ਅਸ਼ੋਕ ਪਰਾਸ਼ਰ ਪੱਪੀ ਦੇ ਘਰ ਪਹੁੰਚ ਗਏ ਰਾਜਾ ਵੜਿੰਗ, ਦੇਖੋ ਕੀ ਦਿੱਤੀ ਸਫ਼ਾਈ
ਰਵਨੀਤ ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਹਿ ਰਹੇ ਨੇ ਕਿ ਕਾਂਗਰਸ ਅਤੇ ਆਪ ਅੰਦਰੋਂ ਇੱਕਠੇ ਹਨ।
ਚੰਡੀਗੜ੍ਹ - ਅੱਜ ਪੰਜਾਬ ਵਿਚ ਪੈ ਰਹੀਆਂ ਸੱਤਵੇਂ ਗੇੜ ਦੀਆਂ ਵੋਟਾਂ ਦੇ ਵਿਚਕਾਰ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਅਚਾਨਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਘਰ ਪਹੁੰਚੇ। ਜਾਣਕਾਰੀ ਮੁਤਾਬਕ ਰਾਜਾ ਵੜਿੰਗ ਕਾਂਗਰਸ ਦੇ ਬੂਥਾਂ ਦਾ ਦੌਰਾ ਕਰ ਰਹੇ ਸਨ ਇਸੇ ਦੌਰਾਨ ਉਹ ਸ਼ਾਹਪੁਰ ਰੋਡ ਪਹੁੰਚੇ ਜਿੱਥੇ ਉਹਨਾਂ ਨੂੰ ਅਸ਼ੋਕ ਪਰਾਸ਼ਰ ਪੱਪੀ ਦੇ ਪੁੱਤਰ ਨੇ ਘਰ ਆਉਣ ਦਾ ਸੱਦਾ ਦਿੱਤਾ।
ਓਧਰ ਰਾਜਾ ਵੜਿੰਗ ਨੇ ਪੱਪੀ ਪਰਾਸ਼ਰ ਦੇ ਪੁੱਤਰ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਉਹਨਾਂ ਦੇ ਘਰ ਚਾਹ ਪੀਤੀ। ਜਿਵੇਂ ਹੀ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਭਾਜਪਾ ਉਮੀਦਵਾਰ ਬਿੱਟੂ ਨੇ ਰਾਜਾ ਵੜਿੰਗ ਅਤੇ ਪੱਪੀ ‘ਤੇ ਨਿਸ਼ਾਨਾ ਸਾਧਿਆ। ਰਵਨੀਤ ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਹਿ ਰਹੇ ਨੇ ਕਿ ਕਾਂਗਰਸ ਅਤੇ ਆਪ ਅੰਦਰੋਂ ਇੱਕਠੇ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਭਰਾ ਸੁਸ਼ੀਲ ਕੁਮਾਰ ਪਰਾਸ਼ਰ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਉਨ੍ਹਾਂ ਦੇ ਘਰ ਆਏ ਸਨ। ਸੁਸ਼ੀਲ ਪਰਾਸ਼ਰ ਨੇ ਦੱਸਿਆ ਕਿ ਉਹ ਅਸ਼ੋਕ ਪਰਾਸ਼ਰ, ਨਰੇਸ਼ ਪਰਾਸ਼ਰ, ਸੁਰੇਸ਼ ਪਰਾਸ਼ਰ ਅਤੇ ਰਾਕੇਸ਼ ਪਰਾਸ਼ਰ ਨਾਲ ਰਹਿੰਦੇ ਹਨ। ਉਨ੍ਹਾਂ ਨੂੰ ਅੱਜ ਵੋਟ ਪਾਉਣ ਤੋਂ ਰੋਕਿਆ ਗਿਆ। ਇਸ ਕਾਰਨ ਉਹ ਰਾਜਾ ਵੜਿੰਗ ਨੂੰ ਮਿਲੇ।
ਜਦੋਂ ਵੜਿੰਗ ਉਸ ਦੇ ਘਰ ਆਇਆ ਤਾਂ ਅਸ਼ੋਕ ਪਰਾਸ਼ਰ ਦੇ ਬੇਟੇ ਵਿਕਾਸ ਅਤੇ ਉਸ ਦੇ ਸਾਥੀਆਂ ਨੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਮੈਂ ਪੱਕਾ ਕਾਂਗਰਸੀ ਹਾਂ। ਮੈਂ ਕਾਂਗਰਸ ਸੇਵਾ ਦਲ ਦਾ ਸਿਪਾਹੀ ਹਾਂ। ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕਾਂਗਰਸ ਨੂੰ ਵੋਟ ਦੇਣ। ਰਾਜਾ ਵੜਿੰਗ ਨੇ ਆਪਣੇ ਭਰਾ ਅਸ਼ੋਕ ਪਰਾਸ਼ਰ ਨੂੰ ਕੋਈ ਸਮਰਥਨ ਨਹੀਂ ਦਿੱਤਾ ਹੈ।
ਓਧਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਪੀ ਪਰਾਸ਼ਰ ਦੇ ਬੇਟੇ ਵਿਕਾਸ ਪਰਾਸ਼ਰ ਦੇ ਬਿਆਨ ਤੋਂ ਬਾਅਦ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਸੋਸ਼ਲ ਮੀਡੀਆ 'ਤੇ ਲਾਈਵ ਹੋਏ। ਇਸ ਦੌਰਾਨ ਉਨ੍ਹਾਂ ਨੇ ਵਿਕਾਸ ਪਰਾਸ਼ਰ ਦੇ ਸਮਰਥਨ ਦੇ ਬਿਆਨ ਨੂੰ ਰੱਦ ਕਰਦਿਆਂ ਕਿਹਾ ਕਿ 'ਆਪ' ਮੇਰੀ ਕੋਈ ਰਿਸ਼ਤੇਦਾਰ ਨਹੀਂ ਲੱਗਦੀ ਕਿ ਮੈਂ ਉਹਨਾਂ ਦਾ ਸਮਰਥਨ ਕਰਾਂ।
ਉਹਨਾਂ ਨੇ ਕਿਹਾ ਕਿ ਜੇ ਮੈਂ ਸਮਰਥਨ ਦੇਣਾ ਹੀ ਹੁੰਦਾ ਤਾਂ 20 ਦਿਨ ਪਹਿਲਾਂ ਸਮਰਥਨ ਦਾ ਐਲਾਨ ਕਰਦਾ। ਵੜਿੰਗ ਨੇ ਦੱਸਿਆ ਕਿ ਜਦੋਂ ਉਹ ਉੱਥੋਂ ਲੰਘ ਰਹੇ ਸੀ ਤਾਂ ਨੌਜਵਾਨ ਉਸ ਦੀ ਕਾਰ ਦੇ ਸਾਹਮਣੇ ਆਏ ਅਤੇ ਉਸ ਨੂੰ ਜ਼ਬਰਦਸਤੀ ਚਾਹ ਪੀਣ ਲਈ ਘਰ ਲੈ ਗਏ। ਉਹ ਨਹੀਂ ਜਾਣਦਾ ਸੀ ਕਿ ਇਹ ਪੱਪੀ ਦਾ ਘਰ ਹੈ। ਰਾਜਾ ਨੇ ਕਿਹਾ ਕਿ ਤੁਸੀਂ ਘਟੀਆ ਰਾਜਨੀਤੀ 'ਤੇ ਆ ਗਏ ਹੋ। ਉਨ੍ਹਾਂ ਦੀ ਹਾਰ ਨਿਸ਼ਚਿਤ ਹੈ, ਜਿਸ ਕਾਰਨ ਉਹ ਨਿਰਾਸ਼ਾ 'ਚ ਅਜਿਹੀ ਗੰਦੀ ਰਾਜਨੀਤੀ ਕਰ ਰਹੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।