ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਰੀਪੋਰਟ ਤੋਂ ਪਹਿਲਾਂ ਹੀ ਬਾਦਲ ਉਤੇ ਉਠ ਚੁਕੀ ਉਂਗਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੇਵਾਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਅੱਜ  ਬਰਗਾੜੀ ਦੀ ਬੇਅਦਬੀ  ਅਤੇ ਬਹਿਬਲ ਕਲਾਂ ਦੀ ਗੋਲੀਬਾਰੀ  ਦੀਆਂ ਘਟਨਾਵਾਂ ਬਾਰੇ ਆਪਣੀ ਪੜਤਾਲੀਆ...

Parkash Singh Badal

ਚੰਡੀਗੜ੍ਹ,  ਸੇਵਾਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਅੱਜ  ਬਰਗਾੜੀ ਦੀ ਬੇਅਦਬੀ  ਅਤੇ ਬਹਿਬਲ ਕਲਾਂ ਦੀ ਗੋਲੀਬਾਰੀ  ਦੀਆਂ ਘਟਨਾਵਾਂ ਬਾਰੇ ਆਪਣੀ ਪੜਤਾਲੀਆ ਰੀਪੋਰਟ ਦਾ ਪਲੇਠਾ  ਸੌਂਪਿਆ ਗਿਆ ਹਿੱਸਾ ਸਰਕਾਰੀ ਤੌਰ ਉਤੇ  ਭਾਵੇਂ  'ਗੁਪਤ' ਰਖਿਆ ਜਾ ਰਿਹਾ ਹੈ, ਪਰ ਇਸ ਵਿਚਲੇ ਤੱਥਾਂ ਨੂੰ ਲੈ ਕੇ ਚਰਚਾ ਪਹਿਲਾਂ ਹੀ ਸਰਗਰਮ ਹੋ ਚੁਕੀ ਹੈ।

ਰਣਜੀਤ ਸਿੰਘ ਪੈਨਲ ਦੇ ਹਵਾਲੇ ਨਾਲ ਹੀ ਕੁਝ ਸਮਾਂ ਪਹਿਲਾਂ ਇਹ ਖੁਲਾਸਾ ਕੀਤਾ ਜਾ ਚੁੱਕਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ਤੇ ਕੋਟਕਪੁਰਾ 'ਚ ਪੁਲਿਸ ਗੋਲੀਬਾਰੀ ਤੋਂ ਕਈ ਘੰਟੇ ਪਹਿਲਾਂ ਤਕ ਤਤਕਾਲੀ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਸਥਿਤੀ ਬਾਰੇ 'ਜਾਣਕਾਰੀ' ਲੈਂਦੇ ਰਹੇ ਅਤੇ ਸਥਿਤੀ ਨਾਲ ਨਜਿੱਠਣ ਲਈ 'ਕੁਝ ਹਦਾਇਤਾਂ' ਵੀ ਜਾਰੀ ਕੀਤੀਆਂ ਗਈਆਂ ਸਨ। ਇਹ ਵੀ ਪ੍ਰਗਟਾਵਾ ਹੋਇਆ ਕਿ 14 ਅਕਤੂਬਰ 2015 ਨੂੰ ਸਵੇਰੇ 6 ਤੋਂ 7 ਵਜੇ ਦਰਮਿਆਨ ਵਾਪਰੀ ਗੋਲੀ ਚਲਾਉਣ ਦੀ ਘਟਨਾ ਬਾਰੇ ਤਤਕਾਲੀ ਡੀ.ਜੀ.ਪੀ. ਪੰਜਾਬ ਰਾਹੀਂ ਹਦਾਇਤਾਂ ਜਾਰੀ ਹੋਈਆਂ ਸਨ। 

ਇਹ ਵੀ ਪ੍ਰਗਟਾਵੇ ਹੋ ਚੁਕੇ ਹਨ ਕਿ ਪੁਲਿਸ ਕਾਰਵਾਈ ਤੋਂ ਪਹਿਲਾਂ ਅੱਧੀ ਰਾਤ ਨੂੰ ਕਿਸੇ ਵੇਲੇ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਵੀ ਕੀਤਾ ਗਿਆ ਸੀ। ਇਸ ਸਬੰਧ 'ਚ ਤਤਕਾਲੀ ਸਥਾਨਕ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਤਤਕਾਲੀ ਮੁੱਖ ਮੰਤਰੀ ਦੇ ਇਕ ਸਕੱਤਰ ਰਾਹੀਂ ਸੰਪਰਕ  ਸਾਧਿਆ ਗਿਆ ਤੇ 14 ਅਕਤੂਬਰ 2015 ਨੂੰ ਤੜਕੇ ਪੌਣੇ ਦੋ ਵਜੇ  ਕਰੀਬ  ਫ਼ਰੀਦਕੋਟ ਦੇ ਤਤਕਾਲੀ ਡਿਪਟੀ ਕਮਿਸ਼ਨਰ ਨਾਲ ਡੇਢ ਦਰਜਨ ਦੇ ਕਰੀਬ ਐਸ.ਐਮ.ਐਸ. ਦੀ ਸਾਂਝ ਵੀ ਹੋਈ ਹੋਣ ਦੇ ਤੱਥ ਸਾਹਮਣੇ ਆਏ ਹੋਣ ਦੀ ਜਾਣਕਾਰੀ ਮਿਲ ਰਹੀ ਹੈ।

ਮੰਨਿਆ ਜਾ ਰਿਹਾ ਹੈ ਕਿ ਕੁਝ ਮਹੀਨੇ ਪਹਿਲਾਂ ਕਮਿਸ਼ਨ ਵਲੋਂ ਸਾਬਕਾ ਮੁੱਖ ਮੰਤਰੀ ਅਤੇ ਕੁਝ ਹੋਰਨਾਂ ਨੂੰ ਨੋਟਿਸ ਭੇਜੇ ਗਏ ਹੋਣ ਦੌਰਾਨ ਉਕਤ ਤੱਥਾਂ ਉਤੇ ਪੱਖ ਰੱਖਣ ਦੀ ਤਵੱਕੋਂ ਵੀ ਕੀਤੀ ਗਈ ਸੀ ਪਰ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਵਲੋਂ ਉਕਤ ਕਮਿਸ਼ਨ ਨੂੰ ਹੀ ਰੱਦ ਕਰ ਪੇਸ਼ ਹੋਣ ਤੋਂ ਕਿਨਾਰਾ ਕਰ ਲਿਆ ਗਿਆ, ਜਿਸ ਦੇ ਵਿਰੋਧ ਵਿਚ ਜਸਟਿਸ ਰਣਜੀਤ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਜਾਂਚ ਕਮਿਸ਼ਨ ਕਨੂੰਨ 'ਚ ਸੋਧ ਕਰ ਕਮਿਸ਼ਨ ਦੇ ਅਖਤਿਆਰ ਵਧਾਉਣ ਦੀ ਵੀ ਤਵੱਕੋਂ ਕੀਤੀ ਜਾ ਚੁਕੀ ਹੈ, ਤਾਂ ਜੋ ਤਲਬ ਕੀਤਾ ਗਿਆ ਹੋਣ ਦੀ ਹੱਤਕ ਤੇ ਕਾਰਵਾਈ ਦਾ ਅਧਿਕਾਰ ਕਮਿਸ਼ਨ ਕੋਲ ਹੋਵੇ।