ਭਾਰੂ-ਗਿੱਦੜਬਾਹਾ ਰਜਬਾਹੇ 'ਚ ਪਿਆ ਪਾੜ
ਗਿੱਦੜਬਾਹਾ ਦੇ ਸ਼ਮਸ਼ਾਨ ਘਾਟ ਨੇੜਿਓਂ ਲੰਘਦੇ ਰਜਬਾਹੇ ਵਿਚ ਬੀਤੀ ਰਾਤ ਮੁੜ ਪਾੜ ਪੈ ਗਿਆ, ਜਿਸ ਕਾਰਨ ਕਿਸਾਨਾਂ ਦੀ ਕਰੀਬ 6 ਏਕੜ ਨਰਮੇ ਦੀ ਫਸਲ...
ਗਿੱਦੜਬਾਹਾ, ਗਿੱਦੜਬਾਹਾ ਦੇ ਸ਼ਮਸ਼ਾਨ ਘਾਟ ਨੇੜਿਓਂ ਲੰਘਦੇ ਰਜਬਾਹੇ ਵਿਚ ਬੀਤੀ ਰਾਤ ਮੁੜ ਪਾੜ ਪੈ ਗਿਆ, ਜਿਸ ਕਾਰਨ ਕਿਸਾਨਾਂ ਦੀ ਕਰੀਬ 6 ਏਕੜ ਨਰਮੇ ਦੀ ਫਸਲ ਸਮੇਤ ਰਕਬੇ ਵਿਚ ਬੀਜੀ ਗਈ ਸਬਜ਼ੀ ਵੀ ਨੁਕਸਾਨੀ ਗਈ। ਵਰਣਨਯੋਗ ਹੈ ਕਿ ਬੀਤੀ 14 ਜੂਨ ਨੂੰ ਵੀ ਉਕਤ ਰਜਬਾਹੇ ਵਿਚ ਇਸੇ ਜਗ੍ਹਾ ਤੋਂ ਹੀ ਪਾੜ ਪੈ ਗਿਆ ਸੀ, ਜਿਸ ਕਾਰਨ ਕਿਸਾਨਾਂ ਦੀ ਨਰਮੇ ਅਤੇ ਸਬਜ਼ੀ ਦੀ ਫਸਲ ਵਿਚ ਪਾਣੀ ਭਰ ਗਿਆ ਸੀ ਪਰੰਤੂ ਉਸ ਸਮੇਂ ਫਸਲ ਨੂੰ ਪਾਣੀ ਦੀ ਜ਼ਰੂਰਤ ਹੋਣ ਕਰ ਕੇ ਫਸਲ ਨੁਕਸਾਨ ਤੋਂ ਬਚ ਗਈ ਸੀ
ਪਰ ਬੀਤੀ ਰਾਤ ਟੁੱਟੇ ਰਜਬਾਹੇ ਨੇ ਤਾਂ ਕਿਸਾਨਾਂ ਦੀ ਨਰਮੇ ਅਤੇ ਸਬਜ਼ੀ ਦੀ ਫਸਲ ਨੂੰ ਪੂਰੀ ਤਰਾਂ ਖਰਾਬ ਹੀ ਕਰ ਦਿਤਾ ਹੈ ਕਿਉਂਕਿ ਬੀਤੇ ਦਿਨ ਇਲਾਕੇ ਵਿਚ ਪੂਰਾ ਦਿਨ ਰੁਕ-ਰੁਕ ਕੇ ਪਏ ਮੀਂਹ ਕਾਰਨ ਪਹਿਲਾਂ ਹੀ ਖੇਤਾਂ ਵਿਚ ਪਾਣੀ ਭਰਿਆ ਹੋਇਆ ਸੀ। ਇਸ ਮੌਕੇ ਮੌਜੂਦ ਕਿਸਾਨਾਂ ਜਗਦੇਵ ਸਿੰਘ, ਲਛਮਣ ਸਿੰਘ, ਅੰਗਰੇਜ਼ ਸਿੰਘ, ਗੁਰਲਾਲ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਆਦਿ ਨੇ ਦਸਿਆ ਕਿ ਇਸ ਰਜਬਾਹੇ ਦੇ ਟੁੱਟਣ ਕਾਰਨ ਕਰੀਬ 6 ਏਕੜ ਨਰਮੇ ਅਤੇ ਕਰੀਬ 4 ਕਨਾਲਾਂ ਸਬਜੀ ਦੇ ਖੇਤਾਂ ਵਿਚ ਪਾਣੀ ਭਰ ਗਿਆ।
ਕਿਸਾਨਾਂ ਨੇ ਦਸਿਆ ਕਿ ਉਕਤ ਭਾਰੂ-ਗਿੱਦੜਬਾਹਾ ਰਜਬਾਹੇ ਵਿਚ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਅਤੇ ਰਜਬਾਹੇ ਕਾਫੀ ਪੁਰਾਣਾ ਬਣਿਆ ਹੋਣ ਕਾਰਨ ਬੀਤੀ 14 ਜੂਨ ਨੂੰ ਵੀ ਉਕਤ ਰਜਬਾਹਾ ਟੁੱਟ ਗਿਆ ਸੀ ਅਤੇ ਵਿਭਾਗ ਨੇ ਉਸ ਦਿਨ ਦੀ ਘਟਨਾ ਤੋਂ ਕੋਈ ਸਬਕ ਨਹੀਂ ਲਿਆ ਅਤੇ ਕੇਵਲ ਕੁਝ ਮਿੱਟੀ ਅਤੇ ਮਿੱਟੀ ਵਾਲੇ ਗੱਟੇ ਲਗਾ ਕੇ ਹੀ ਪਾੜ ਨੂੰ ਭਰ ਦਿਤਾ ਗਿਆ ਸੀ। ਜਿਸ ਕਾਰਨ ਬੀਤੀ ਰਾਤ ਮੁੜ ਉਕਤ ਜਗ੍ਹਾ ਤੋਂ ਹੀ ਰਜਬਾਹੇ ਵਿਚ ਕਰੀਬ 20-25 ਫੁੱਟ ਚੌੜਾ ਪਾੜ੍ਹ ਪੈ ਗਿਆ।
ਮੌਕੇ ਤੇ ਮੌਜੂਦ ਵਿਭਾਗ ਦੇ ਐੱਸ.ਡੀ.ਓ. ਅਕਾਸ਼ ਅਗਰਵਾਲ ਨਾਲ ਗੱਲਬਾਤ ਦੌਰਾਨ ਦਸਿਆ ਕਿ ਰਜਬਾਹਾ ਟੁੱਟਣ ਦਾ ਕਾਰਨ ਬੀਤੇ ਦਿਨ ਹੋਈ ਬਾਰਿਸ਼ ਹੈ। ਉਕਤ ਜਗ੍ਹਾ ਤੋਂ ਹੀ ਟੁੱਟੇ ਰਜਬਾਹੇ ਨੂੰ ਸਹੀ ਤਰੀਕੇ ਨਾਲ ਸਹੀ ਨਾ ਕੀਤੇ ਜਾਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਪੱਕਾ ਕਰ ਦਿਤਾ ਸੀ। ਰਜਬਾਹੇ ਦੀ ਸਫਾਈ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਅਜੇ 3 ਮਹੀਨੇ ਪਹਿਲਾਂ ਹੀ ਰਜਬਾਹੇ ਦੀ ਸਫਾਈ ਕਰਵਾਈ ਗਈ ਹੈ ਅਤੇ ਜਿਥੋਂ ਤੱਕ ਅੱਜ ਪਏ ਪਾੜ ਨੂੰ ਭਰਨ ਦਾ ਸਬੰਧ ਹੈ, ਇਸ ਲਈ ਮਿੱਟੀ ਮੰਗਵਾਈ ਗਈ ਹੈ ਅਤੇ ਜਲਦੀ ਹੀ ਪਾੜ ਨੂੰ ਭਰ ਦਿਤਾ ਜਾਵੇਗਾ।