ਇਕ ਤੋਂ ਸੱਤ ਜੁਲਾਈ ਤਕ ਮਨਾਇਆ ਜਾਵੇਗਾ ਚਿੱਟੇ ਵਿਰੁਧ ਕਾਲਾ ਹਫ਼ਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਾਜ ਪ੍ਰਤੀ ਸੁਹਿਰਦ ਅਤੇ ਜਾਗਰੂਕ ਲੋਕਾਂ ਵੱਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਦਾ ਧਿਆਨ ਮਾਰੂ ਨਸ਼ਿਆਂ ਵੱਲ ਖਿੱਚਣ ਅਤੇ ਨਸ਼ਾਂ ...

Black Week against Drugs

ਮੋਗਾ, : ਸਮਾਜ ਪ੍ਰਤੀ ਸੁਹਿਰਦ ਅਤੇ ਜਾਗਰੂਕ ਲੋਕਾਂ ਵੱਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਦਾ ਧਿਆਨ ਮਾਰੂ ਨਸ਼ਿਆਂ ਵੱਲ ਖਿੱਚਣ ਅਤੇ ਨਸ਼ਾਂ ਤਸਕਰਾਂ ਵਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਇੱਕ ਜੁਲਾਈ ਤੋਂ ਸੱਤ ਜੁਲਾਈ ਤੱਕ ਮਨਾਏ ਜਾ ਰਹੇ ਕਾਲੇ ਹਫਤੇ ਪ੍ਰਤੀ ਲੋਕਾਂ ਵੱਲੋਂ ਭਾਰੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ ਤੇ ਲੋਕ ਖੁਦ ਬਾ ਖੁਦ ਇਸ ਮੁਹਿੰਮ ਨਾਲ ਜੁੜਦੇ ਜਾ ਰਹੇ ਹਨ। 

ਇਸ ਸਬੰਧੀ ਅੱਜ ਮਰੋ ਜਾਂ ਵਿਰੋਧ ਕਰੋ ਮਿਸ਼ਨ ਦੇ ਅਧੀਨ ਮੋਗਾ ਨਿਵਾਸੀਆਂ ਵੱਲੋਂ ਇਸ ਮੁਹਿੰਮ ਨੂੰ ਸਮਰਥਨ ਦੇਣ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਮੇਨ ਚੌਕ ਮੋਗਾ ਵਿਖੇ ਲੋਕਾਂ ਨੂੰ ਕਾਲੀਆਂ ਪੱਟੀਆਂ ਅਤੇ ਪੈਂਫਲਿਟ ਵੰਡੇ ਗਏ ਅਤੇ ਕਾਰਾਂ ਤੇ ਸਟਿੱਕਰ ਲਗਾਏ ਗਏ । ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਇਸ ਨਿਰੋਲ ਗੈਰਰਾਜਨੀਤਕ ਮਿਸ਼ਨ ਦੇ ਮੈਂਬਰਾਂ ਗੁਰਸੇਵਕ ਸੰਨਿਆਸੀ, ਹਰਭਜਨ ਸਿੰਘ ਬਹੋਨਾ, ਹਰਜਿੰਦਰ ਸਿੰਘ ਚੁਗਾਵਾਂ, ਗੋਕਲ ਚੰਦ ਬੁੱਘੀਪੁਰਾ, ਜਸਵਿੰਦਰ ਸਿੰਘ ਸਿੱਧੂ, ਰਮਨਪ੍ਰੀਤ ਸਿੰਘ ਬਰਾੜ, ਦਵਿੰਦਰਜੀਤ ਸਿੰਘ ਗਿੱਲ, ਅਮਰੀਕ ਸਿੰਘ ਆਰਸਨ ਆਦਿ ਨੇ ਦੱਸਿਆ

ਕਿ ਪਿਛਲੇ ਕਈ ਸਾਲਾਂ ਤੋਂ ਚਿੱਟਾ ਨਾਮ ਦਾ ਨਸ਼ਾ ਕਾਲ ਬਣ ਕੇ ਪੰਜਾਬ ਦੇ ਗੱਭਰੂਆਂ ਨੂੰ ਖਤਮ ਕਰ ਰਿਹਾ ਹੈ ਤੇ ਪਿਛਲੇ ਇੱਕ ਮਹੀਨੇ ਦੌਰਾਨ ਚਿੱਟੇ ਜਾਂ ਕੈਮੀਕਲ ਨਸ਼ਿਆਂ ਕਰਨ ਅਣਗਿਣਤ ਗੱਭਰੂ ਮੌਤ ਦੇ ਮੂੰਹ ਜਾ ਪਏ ਹਨ ਤੇ ਮਾਵਾਂ, ਭੈਣਾਂ ਦਾ ਵਿਰਲਾਪ ਹਰ ਗਲੀ ਮੁਹੱਲੇ ਵਿੱਚ ਗੂੰਜ ਰਿਹਾ ਹੈ। ਇਸ ਵਿਰਲਾਪ ਨੂੰ ਨਾ ਸਹਾਰਦੇ ਹੋਏ ਪੰਜਾਬ ਹਿਤੈਸ਼ੀ ਲੋਕਾਂ ਵੱਲੋਂ ਸਰਕਾਰ ਨੂੰ ਨਸ਼ਿਆਂ ਦੇ ਵਪਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਠੋਸ ਨੀਤੀ ਬਨਾਉਣ ਲਈ ਮਜਬੂਰ ਕਰਨ ਵਾਸਤੇ ਇੱਕ ਜੁਲਾਈ ਤੋਂ ਸੱਤ ਜੁਲਾਈ ਤੱਕ ਕਾਲਾ ਹਫਤਾ ਮਨਾਇਆ ਜਾ ਰਿਹਾ ਹੈ ।

ਉਹਨਾਂ ਦੱਸਿਆ ਕਿ ਇਹ ਇੱਕ ਨਿਰੋਲ ਗੈਰ ਰਾਜਨੀਤਕ ਅਤੇ ਸ਼ਾਂਤਮਈ ਵਿਰੋਧ ਹੈ, ਜਿਸ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ । ਉਹਨਾਂ ਲੋਕਾਂ ਨੂੰ ਇਸ ਵਿਰੋਧ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਹੁਣ ਨੌਜਵਾਨਾਂ ਦੀਆਂ ਮੌਤਾਂ ਬਰਦਾਸ਼ਤ ਤੋਂ ਬਾਹਰ ਹੋ ਗਈਆਂ ਹਨ, ਜੇਕਰ ਅਸੀਂ ਹੁਣ ਵਿਰੋਧ ਨਾ ਕਰ ਸਕੇ ਤਾਂ ਸ਼ਾਇਦ ਕਦੇ ਵੀ ਨਹੀਂ ਕਰ ਸਕਾਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਦੋਸ਼ੀ ਕਹਿਲਾਵਾਂਗੇ ।

ਉਹਨਾਂ ਕਿਹਾ ਕਿ ਆਪਣੇ ਪਰਿਵਾਰ ਅਤੇ ਨਗਰ ਦੇ ਨੌਜਵਾਨਾਂ ਦੀ ਸਲਾਮਤੀ ਲਈ ਇੱਕ ਜੁਲਾਈ ਤੋਂ 7 ਜੁਲਾਈ ਤੱਕ ਆਪਣੇ ਘਰਾਂ ਅੱਗੇ ਮੋਮਬੱਤੀਆਂ ਜਾਂ ਦੀਵੇ ਜਗਾ ਕੇ ਉਹਨਾਂ ਦੀ ਲੰਬੀ ਅਤੇ ਨਸ਼ਾ ਰਹਿਤ ਜਿੰਦਗੀ ਦੀ ਅਰਦਾਸ ਕਰੋ ਤਾਂ ਜੋ ਭੁੱਲੇ ਭਟਕੇ ਨੌਜਵਾਨ ਸਹੀ ਰਸਤੇ ਤੇ ਆ ਜਾਣ ਤੇ ਪੰਜਾਬ ਅੰਦਰ ਚੱਲ ਰਹੇ ਮੌਤਾਂ ਦੇ ਤਾਂਡਵ ਨੂੰ ਠੱਲ੍ਹ ਪੈ ਸਕੇ । ਇਸ ਮੌਕੇ ਹਾਜਰ ਸਭ ਮੈਂਬਰਾਂ ਨੇ ਕਸਮ ਖਾਧੀ ਕਿ ਉਹ ਨੌਜਵਾਨਾਂ ਨੂੰ ਬਚਾਉਣ ਲਈ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਹਰ ਸੰਭਵ ਸਹਾਇਤਾ ਕਰਨ ਲਈ ਤਿਆਰ ਹਨ ਬਸ਼ਰਤੇ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਲੋਕਾਂ ਵਿੱਚ ਇੱਕ ਭਰੋਸਾ ਪੈਦਾ ਕਰੇ । 

ਉਹਨਾਂ ਦੱਸਿਆ ਕਿ ਡੈਪੋ ਕਮੇਟੀਆਂ ਨੇ ਹਾਲੇ ਤੱਕ ਕੰਮ ਕਰਨਾ ਸ਼ੁਰੂ ਨਹੀਂ ਕੀਤਾ, ਜਿਸ ਕਾਰਨ ਡੈਪੋ ਮੈਂਬਰ ਆਪਣੇ ਆਪ ਨੂੰ ਅਸੁਰੱਖਿਅਤ ਅਤੇ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਕਿਉਂਕਿ ਸਮੱਗਲਰ ਕਿਸਮ ਦੇ ਲੋਕ ਉਹਨਾਂ ਨੂੰ ਸਰਕਾਰ ਦੇ ਮੁਖਬਰ ਕਹਿ ਕੇ ਬਦਨਾਮ ਅਤੇ ਪ੍ਰੇਸ਼ਾਨ ਕਰ ਰਹੇ ਹਨ । ਉਹਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਤਿਆਰ ਕੀਤੀਆਂ ਗਈਆਂ ਲਿਸਟਾਂ ਮੁਤਾਬਿਕ ਨਸ਼ੇ ਦੇ ਵੱਡੇ ਵਪਾਰੀਆਂ ਤੇ ਸ਼ਿਕੰਜਾ ਕੱਸਿਆ ਜਾਵੇ ਤਾਂ ਹੀ ਆਮ ਲੋਕ ਖੁੱਲ੍ਹ ਕੇ ਪ੍ਰਸ਼ਾਸ਼ਨ ਦਾ ਸਾਥ ਦੇਣ ਲਈ ਤਿਆਰ ਹੋਣਗੇ।

ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਨਸ਼ੇ ਵਿਰੁੱਧ ਕਾਰਵਾਈ ਨੂੰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲਿਆਂਦਾ ਜਾਵੇ। ਉਹਨਾਂ ਸਭ ਨੂੰ ਆਪਣੇ ਕੰਮ ਦੌਰਾਨ ਇੱਕ ਤੋਂ ਸੱਤ ਜੁਲਾਈ ਤੱਕ ਆਪਣੀਆਂ ਬਾਹਾਂ ਤੇ ਕਾਲੇ ਬੈਜ਼ ਬੰਨਣ, ਕਾਲੀਆਂ ਪੱਗਾਂ, ਸ਼ਰਟਾਂ ਜਾਂ ਚੁੰਨੀਆਂ ਪਹਿਨ ਕੇ ਇਸ ਵਿਰੋਧ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ । ਇਸ ਮੌਕੇ ਵਰਿੰਦਰ ਸਿੰਘ ਭੇਖਾ, ਦੀਸ਼ੂ ਤੰਵਰ, ਕੇਵਲ ਕ੍ਰਿਸ਼ਨ, ਜਸਪ੍ਰੀਤ ਕਲਸੀ, ਨਵਦੀਪ ਸਿੰਘ ਗੱਜਣਵਾਲਾ, ਬਲਕਰਨ ਸਿੰਘ, ਰਛਪਾਲ ਸਿੰਘ ਸੋਸਣ, ਮੱਖਣ ਸਿੰਘ, ਜੱਸੀ ਦੁਨੇਕੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਨ.ਜੀ.ਓ. ਮੈਂਬਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਹਾਜਰ ਸਨ।