ਲੁਧਿਆਣਾ 'ਚ ਨੌਜਵਾਨ ਦੀ ਚਿੱਟੇ ਕਾਰਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅੰਦਰ ਚਿੱਟੇ ਨੇ ਨਸ਼ੇ ਨੇ ਪੂਰੀ ਤਰਾਂ ਆਪਣੇ ਪੈਰ ਪਸਾਰ ਲਏ ਹਨ ਅਤੇ ਆਏ ਦਿਨ ਚਿੱਟੇ ਕਾਰਨ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਅਤੇ ਅੱਜ ....

Kuldip Singh

ਮੁੱਲਾਂਪੁਰ ਦਾਖਾ  ਪੰਜਾਬ ਅੰਦਰ ਚਿੱਟੇ ਨੇ ਨਸ਼ੇ ਨੇ ਪੂਰੀ ਤਰਾਂ ਆਪਣੇ ਪੈਰ ਪਸਾਰ ਲਏ ਹਨ ਅਤੇ ਆਏ ਦਿਨ ਚਿੱਟੇ ਕਾਰਨ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਅਤੇ ਅੱਜ ਨਜ਼ਦੀਕੀ ਪਿੰਡ ਸਵੱਦੀ ਕਲਾਂ ਵਿਖੇ ਇਕ 30 ਸਾਲਾ ਸ਼ਾਦੀਸ਼ੁਦਾ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪਿੰਡ ਦਾ ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਨੌਜਵਾਨ ਕੁਲਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਕਿ ਕਰੀਬ ਤਿੰਨ ਸਾਲ ਪਹਿਲਾਂ ਮਾੜੀ ਸੰਗਤ ਦਾ ਸ਼ਿਕਾਰ ਹੋਕੇ ਚਿੱਟੇ ਦਾ ਸੇਵਨ ਕਰਨ ਦਾ ਆਦੀ ਹੋ ਗਿਆ ਸੀ। ਉਸ ਦੇ ਪਰਵਾਰਕ ਮੈਂਬਰਾਂ ਨੇ ਉਸ ਦਾ ਦੋ ਵਾਰ ਨਸ਼ਾ ਛੁਡਾਉ ਕੇਂਦਰਾਂ ਤੋਂ ਇਲਾਜ ਵੀ ਕਰਵਾਇਆ ਪਰ ਉਹ ਨਾ ਸੁਧਰਿਆ ਅਤੇ ਕੁੱਝ ਦਿਨ ਪਹਿਲਾਂ ਹੀ ਰੋਪੜ ਦੇ ਇਕ ਨਸ਼ਾ ਛੁਡਾਉ ਕੇਂਦਰ ਵਿਚ ਨਸ਼ਾ ਛੱਡਣ ਦਾ ਇਲਾਜ ਕਰਵਾ ਕੇ ਆਇਆ ਸੀ ਪਰ ਅੱਜ ਸਵੇਰੇ ਨਸ਼ੇ ਦਾ ਟੀਕਾ ਲਗਾਉਂਦਿਆਂ ਹੀ ਪੂਰਾ ਹੋ ਗਿਆ।

ਮ੍ਰਿਤਕ ਕੁਲਜੀਤ ਸਿੰਘ ਜੋ ਵਿਆਹਿਆ ਹੋਇਆ ਸੀ ਉਹ ਅਪਣੇ ਪਿੱਛੇ ਦੋ ਬੱਚੇ, ਪਤਨੀ ਤੇ ਮਾਂ-ਬਾਪ ਅਤੇ ਭੈਣ ਨੂੰ ਰੋਂਦਿਆ ਛੱਡ ਗਿਆ। ਕੁਲਜੀਤ ਸਿੰਘ ਦਾ ਸਸਕਾਰ ਉਸ ਦੇ ਭਾਈ ਦੇ ਆਸਟ੍ਰੇਲੀਆ ਤੋਂ ਆਉਣ ਉਪਰੰਤ ਕੀਤਾ ਜਾਵੇਗਾ। ਪਿੰਡ ਦੇ ਸਾਬਕਾ ਸਰਪੰਚ ਤੇ ਸੀਪੀਆਈ ਦੇ ਆਗੂ ਕਾਮਰੇਡ ਭਰਪੂਰ ਸਿੰਘ ਸਵੱਦੀ ਨੇ ਉਕਤ ਘਟਨਾਂ ਦੀ ਪੁਸ਼ਟੀ ਕਰਦਿਆਂ ਚਿੰਤਾ ਪ੍ਰਗਟਾਈ ਹੈ। ਕਾਮਰੇਡ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਵਿਚ ਅਸਫ਼ਲ ਹੋ ਗਈ।

ਉਨ੍ਹਾਂ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਚਿੱਟੇ ਦੇ ਵਪਾਰੀ ਪੁਲਿਸ ਦੀ ਮਿਲੀਭੁਗਤ ਨਾਲ ਪਿੰਡਾਂ ਦੇ ਨੌਜਵਾਨਾਂ ਤਕ ਪਹੁੰਚਾ ਰਹੇ ਹਨ। ਉਨਾਂ ਦਾਅਵਾ ਕਰਦਿਆ ਕਿਹਾ ਕਿ ਸਵੱਦੀ ਪਿੰਡ ਵਿਚ ਤਕਰੀਬਨ ਦੋ ਦਰਜਨ ਦੇ ਕਰੀਬ ਹੋਰ ਵੀ ਨੌਜਵਾਨ ਚਿੱਟੇ ਦਾ ਸੇਵਨ ਕਰ ਰਹੇ ਹਨ। ਪਿਛਲੇ ਸਾਲਾਂ ਵਿਚ ਪਹਿਲਾ ਵੀ 2 ਮੌਤਾਂ ਚਿੱਟਾ ਪੀਣ ਨਾਲ ਨੌਜਵਾਨਾਂ ਦੀਆਂ ਹੋਈਆਂ ਹਨ।

ਥਾਣਾ ਸਿੱਧਵਾਂ ਬੇਟ ਦੀ ਚੌਕੀ ਭੂੰਦੜੀ ਦੇ ਇੰਚਾਰਜ ਹਰਮੇਸ਼ ਨੇ ਦਸਿਆ ਕਿ ਪੁਲਿਸ ਕੋਲ ਦਿਤੇ ਕੁਲਜੀਤ ਸਿੰਘ ਦੇ ਪਿਤਾ ਦੇ ਬਿਆਨਾਂ ਦੇ ਅਧਾਰਤ 174 ਦੀ ਕਾਰਵਾਈ ਕਰ ਦਿਤੀ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੇਟ ਇਲਾਕੇ ਦੇ ਪਿੰਡਾਂ ਅੰਦਰ ਹਾਲੇ ਵੀ ਫਲ ਫਰੂਟ ਦੀ ਤਰ੍ਹਾ ਨਸ਼ਾ ਵਿਕ ਰਿਹਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਵਲੋਂ ਨਸ਼ੇ ਦੀ ਹੋਮ ਡਲੀਵਰੀ ਵੀ ਦਿਤੀ ਜਾ ਰਹੀ ਹੈ ਅਤੇ ਸਥਾਨਕ ਸ਼ਹਿਰ ਅੰਦਰ ਵੀ ਪੁਰਾਣੇ ਨਸ਼ਾ ਤਸਕਰਾਂ ਵਲੋਂ ਪਹਿਲਾਂ ਦੀ ਤਰ੍ਹਾ ਨਸ਼ੇ ਦੀ ਵਿਕਰੀ ਕੀਤੀ ਜਾ ਰਹੀ ਹੈ।