ਨੌਕਰੀ ਦੌਰਾਨ ਮਰੇ ਕਰਮਚਾਰੀਆਂ ਦੇ ਪਰਵਾਰਕ ਜੀਆਂ ਨੂੰ ਦਿਤੀਆਂ ਜਾ ਰਹੀਆਂ ਹਨ ਨੌਕਰੀਆਂ : ਬਿਜਲੀ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਕਰੀ ਦੌਰਾਨ ਮਰ ਚੁੱਕੇ ਬਿਜਲੀ ਕਰਮਚਾਰੀਆਂ ਦੇ ਪਰਵਾਰਕ ਮੈਂਬਰਾਂ ਨੂੰ ਹੁਣ ਸਰਕਾਰੀ ਨੌਕਰੀ ਦਿਤੀ ਜਾ ਰਹੀ ਹੈ ਤਾਂ ਜੋ ਪਰਵਾਰ ਨੂੰ ਸਹਾਰਾ ਮਿਲ ਸਕੇ।

Gurpreet Singh Kangar Listening To People Problems

ਭਾਈਰੂਪਾ/ਭਗਤਾ ਭਾਈਕਾ : ਨੌਕਰੀ ਦੌਰਾਨ ਮਰ ਚੁੱਕੇ ਬਿਜਲੀ ਕਰਮਚਾਰੀਆਂ ਦੇ ਪਰਵਾਰਕ ਮੈਂਬਰਾਂ ਨੂੰ ਹੁਣ ਸਰਕਾਰੀ ਨੌਕਰੀ ਦਿਤੀ ਜਾ ਰਹੀ ਹੈ ਤਾਂ ਜੋ ਪਰਵਾਰ ਨੂੰ ਸਹਾਰਾ ਮਿਲ ਸਕੇ। ਪਹਿਲਾਂ ਸਰਕਾਰ ਵਲੋਂ ਪਾਵਰਕਾਮ 'ਚ ਨੌਕਰੀ ਦੌਰਾਨ ਮਰਨ ਵਾਲੇ ਕਰਮਚਾਰੀਆਂ ਦੇ ਪਰਵਾਰਕ ਮੈਂਬਰਾਂ ਨੂੰ 3 ਲੱਖ ਰੁਪਏ ਦਾ ਮੁਆਵਜ਼ਾ ਦਿਤਾ ਜਾਂਦਾ ਸੀ ਅਤੇ ਬਿਜਲੀ ਵਿਭਾਗ 'ਚ ਮਰਨ ਵਾਲੇ ਦੀ ਥਾਂ 'ਤੇ ਨੌਕਰੀ ਦੇਣ ਦਾ ਪ੍ਰਬੰਧ ਨਹੀਂ ਸੀ। 

ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਸਿਆ ਕਿ ਲੋਕ ਹਿੱਤ ਵਿਚ ਇਹ ਫ਼ੈਸਲਾ ਲੈਂਦਿਆਂ ਬਿਜਲੀ ਵਿਭਾਗ ਦੁਆਰਾ ਮਰਨ ਵਾਲੇ ਕਰਮਚਾਰੀ ਦੀ ਥਾਂ 'ਤੇ ਉਸ ਦੇ ਪਰਿਵਾਰਕ ਮੈਂਬਰ ਨੂੰ ਬਣਦੀ ਯੋਗਤਾ ਅਨੁਸਾਰ ਨੌਕਰੀ ਦਿਤੀ ਜਾਵੇਗੀ। ਪਿਛਲੇ ਕੇਸਾਂ 'ਚ ਮਰਨ ਵਾਲੇ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਜਿਨ੍ਹਾਂ ਨੇ 3 ਲੱਖ ਰੁਪਏ ਮੁਆਵਜ਼ਾ ਨਹੀਂ ਲਿਆ, ਉਨ੍ਹਾਂ ਨੂੰ ਵੀ ਨੌਕਰੀਆਂ ਦਿਤੀਆਂ ਜਾਣਗੀਆਂ। 

ਪਿੰਡ ਦਿਆਲਪੁਰਾ ਬੀੜ ਵਿਖੇ ਹਲਕਾ ਦਰਸ਼ਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕਾਂਗੜ ਨੇ ਕਿਹਾ ਕਿ 3 ਜੁਲਾਈ ਨੂੰ ਸ਼ਿਮਲਾ ਵਿਖੇ ਭਾਰਤ ਸਰਕਾਰ ਦੇ ਬਿਜਲੀ ਮੰਤਰੀ ਦੁਆਰਾ ਸੂਬਿਆਂ ਦੀ ਇਕ ਅਹਿਮ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਪੰਜਾਬ ਸਰਕਾਰ ਦੀ ਤਰਫੋਂ ਮੇਰੇ ਵਲੋਂ ਕੇਂਦਰ ਸਰਕਾਰ ਤੋਂ ਪੰਜਾਬ 'ਚ ਬਾਇਓਮਾਸ ਪ੍ਰੋਜੈਕਟਾਂ ਲਈ ਵਿਸ਼ੇਸ਼ ਛੋਟ ਦੀ ਮੰਗ ਕੀਤੀ ਜਾਵੇਗੀ। 

ਕੈਬਨਿਟ ਮੰਤਰੀ ਕਾਂਗੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਦੇ ਮੀਟਰ ਆਪਣੇ ਘਰਾਂ ਤੋਂ ਬਾਹਰ ਲਗਾਉਣ। ਜਿਹੜੇ ਬਿਜਲੀ ਉਪਭੋਗਤਾ ਆਪਣੇ-ਆਪ ਮੀਟਰ ਘਰ ਤੋਂ ਬਾਹਰ ਲਗਵਾਉਣਗੇ, ਉਨ੍ਹਾਂ ਨੂੰ ਬਿਜਲੀ ਵਿਭਾਗ ਦੁਆਰਾ ਮੁਫ਼ਤ ਐਲ.ਈ.ਡੀ. ਬੱਲਬ ਦਿਤੇ ਜਾਣਗੇ। ਹਲਕਾ ਦਰਸ਼ਨ ਦੌਰਾਨ ਮੰਤਰੀ ਕਾਂਗੜ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਨ ਦੇ ਨਿਰਦੇਸ਼ ਦਿਤੇ। 

ਇਸ ਮੌਕੇ ਤਹਿਸੀਲਦਾਰ ਰਾਮਪੁਰਾ ਫੂਲ ਰਕੇਸ਼ ਗਰਗ, ਡੀ.ਐਸ.ਪੀ ਜਸਵਿੰਦਰ ਸਿੰਘ, ਐਕਸੀਅਨ ਪਾਵਰਕਾਮ ਭਗਤਾ ਭਾਈਕਾ ਕਮਲਦੀਪ ਅਰੋੜਾ,  ਸੁਖਜੀਤ ਸਿੰਘ ਲਾਲੀ ਸਣੇ ਪ੍ਰਧਾਨ ਕਰਮਜੀਤ ਸਿੰਘ ਖਾਲਸਾ, ਕਮਲ ਕਾਂਤ ਪ੍ਰਧਾਨ ਪੈਂਥਰਜ ਕਲੱਬ, ਪ੍ਰਧਾਨ ਸੁਰੇਸ਼ ਬਾਹੀਆ, ਰਾਕੇਸ਼ ਸਹਾਰਾ ਪ੍ਰਧਾਨ, ਜਗਦੇਵ ਸਿੰਘ ਪ੍ਰਧਾਨ, ਜਰਨੈਲ ਸਿੰਘ ਪ੍ਰਧਾਨ, ਸੁਰਿੰਦਰ ਸਿੰਘ ਮਹਿਰਾਜ ਆਦਿ ਹਾਜ਼ਰ ਸਨ।