ਕਿਸਾਨ ਯੂਨੀਅਨ ਨੇ ਪੁਲਿਸ-ਸਿਆਸੀ ਗਠਜੋੜ ਦੀਆਂ ਫੂਕੀਆਂ ਅਰਥੀਆਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਦੀ ਵਧੀਕੀ ਰੋਸ ਵਜੋਂ 2 ਜੁਲਾਈ ਨੂੰ ਥਾਣਾ ਸੰਗਤ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ...

Farmers Protesting

ਸੰਗਤ ਮੰਡੀ, : ਪੁਲਿਸ ਦੀ ਵਧੀਕੀ ਰੋਸ ਵਜੋਂ 2 ਜੁਲਾਈ ਨੂੰ ਥਾਣਾ ਸੰਗਤ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਰਾਏ ਕੇ ਕਲਾਂ ਅਤੇ ਫਰੀਦਕੋਟ ਕੋਟਲੀ ਵਿੱਚ ਪੁਲਿਸ ਸਿਆਸੀ ਗਠਜੋੜ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਕੁਲਵੰਤ ਸ਼ਰਮਾਂ ਅਤੇ ਸੁਖਪਾਲ ਸਿੰਘ ਕੋਟਲੀ ਨੇ ਕਿਹਾ

ਕਿ ਬੀਤੇ ਦਿਨੀਂ ਪਿੰਡ ਕੋਟਗੁਰੂ ਵਿੱਚ ਪੁਲਿਸ ਦੀ ਧੱਕੇਸ਼ਾਹੀ ਦੀ ਵੀਡੀਓ ਬਣਾ ਰਹੇ ਦੋ ਬੇਕਸੂਰ ਨੌਜਵਾਨਾਂ ਦੀ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਆਵਾਜ ਨੂੰ ਦਬਾਉਣ ਵਾਲੇ ਮੁਲਕ ਪੱਧਰੀ ਵਰਤਾਰੇ ਨਾਲ ਸਿੱਧੇ ਰੂਪ ਵਿੱਚ ਜੁੜਦੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਤੋਂ ਅੱਕੇ ਸੰਘਰਸ਼ਾਂ ਦੇ ਰਾਹ ਪਏ ਹੋਏ ਲੋਕਾਂ ਨੂੰ ਦਬਾਉਣ ਲਈ ਸਰਕਾਰ ਨੇ ਪੁਲਿਸ ਦੀਆਂ ਲਗਾਮਾਂ ਖੁੱਲ੍ਹੀਆਂ ਛੱਡੀਆਂ ਹੋਈਆਂ ਹਨ ਅਤੇ ਕਿਸੇ ਨੂੰ ਵੀ ਅਮਨ ਕਾਨੂੰਨ ਦੇ ਨਾਮ ਥੱਲੇ ਜਬਰ ਦਾ ਨਿਸ਼ਾਨਾਂ ਬਣਾ ਲਿਆ ਜਾਂਦਾ ਹੈ। ਇੱਥੋਂ ਤਕ ਕਿ ਸੰਘਰਸ਼ਸ਼ੀਲ ਲੋਕਾਂ ਦੇ ਹੱਕ ਵਿੱਚ ਬੋਲਣ ਵਾਲੇ ਬੁੱਧੀਜੀਵੀਆਂ ਨੂੰ ਵੀ ਜੇਲ੍ਹਾਂ ਅੰਦਰ ਸੁੱਟਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਧੱਕੇਸ਼ਾਹੀ ਦੀ ਮਹਿਜ ਵੀਡੀਓ ਬਣਾਉਣ 'ਤੇ ਸ਼ਰੇਆਮ ਕੁੱਟਮਾਰ ਅਤੇ ਹਵਾਲਾਤ ਅੰਦਰ ਬੰਦ ਕੀਤਾ ਜਾ ਸਕਦਾ ਹੈ ਤਾਂ ਸੰਘਰਸ਼ ਕਰਦੇ ਲੋਕਾਂ ਪ੍ਰਤੀ ਪੁਲਿਸ ਦੇ ਵਤੀਰੇ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਇਕੱਠ ਵਿੱਚ ਜੁੜੇ ਲੋਕਾਂ ਨੂੰ 2 ਜੁਲਾਈ ਸੰਗਤ ਥਾਣੇ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।