ਮੀਂਹ ਨੇ ਖੋਲ੍ਹੀ ਸਲਾਬਤਪੁਰਾ ਬਾਜ਼ਾਖਾਨਾ ਸੜਕ ਦੀ ਪੋਲ
ਬੀਤੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਨੇ ਸਲਾਬਤਪੁਰਾ ਬਾਜ਼ਾਖਾਨਾ ਸੜਕ 'ਤੇ ਠੇਕੇਦਾਰ ਵਲੋਂ ਡੂੰਘੇ ਖੱਡਿਆਂ ਵਿੱਚ ਲਗਾਏ ਗਏ ਪੈਂਚਰਾਂ ਦੀ ਪੋਲ ਖੋਲ ਕੇ...
ਭਗਤਾ ਭਾਈ ਕਾ, : ਬੀਤੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਨੇ ਸਲਾਬਤਪੁਰਾ ਬਾਜ਼ਾਖਾਨਾ ਸੜਕ 'ਤੇ ਠੇਕੇਦਾਰ ਵਲੋਂ ਡੂੰਘੇ ਖੱਡਿਆਂ ਵਿੱਚ ਲਗਾਏ ਗਏ ਪੈਂਚਰਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਅਤੇ ਖੱਡਿਆਂ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਆਮ ਲੋਕਾਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿੱਥੇ ਇਹ ਸੜਕ ਬੀਤੇ ਦੋ ਤਿੰਨ ਸਾਲਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਬਟੋਰ ਰਹੀ ਹੈ, ਉਥੇ ਹੀ ਬੀਤੇ ਦਿਨੀ ਟਰਾਂਸਪੋਰਟ ਵਾਲਿਆਂ ਵਲੋਂ ਦਿੱਤੀ ਗਈ ਘੁਰਕੀ ਤੋਂ ਬਾਅਦ ਠੇਕੇਦਾਰ ਵਲੋਂ ਇਸ ਸੜਕ 'ਤੇ ਪਏ ਡੂੰਘੇ ਡੂੰਘੇ ਖੱਡਿਆਂ ਵਿਚਕਾਰ ਪੈਂਚਰ ਲਗਾ ਦਿੱਤੇ ਗਏ ਭਾਵੇਂ ਹੀ ਠੇਕੇਦਾਰ ਵਲੋਂ ਇਹ ਪੈਂਚਰ ਵੀ ਨਾਮਾਤਰ ਲਗਾਏ ਗਏ ਪਰ ਫੇਰ ਵੀ ਕੁਝ ਹੱਦ ਤੱਕ ਰਾਹਗੀਰਾਂ ਨੂੰ ਰਾਹਤ ਜਰੂਰ ਮਹਿਸੂਸ ਹੋਈ। ਬੀਤੇ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਰਸਾਤ ਕਾਰਨ 'ਗੋਗਲੂਆਂ ਤੋਂ ਮਿੱਟੀ ਝਾੜਨ ਲਈ' ਠੇਕੇਦਾਰ ਵਲੋਂ ਲਗਾਏ ਗਏ ਪੈਂਚਰਾਂ ਦੀ ਪੋਲ ਖੁੱਲ ਕੇ ਸਾਹਮਣੇ ਆ ਗਈ ਹੈ।
ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਦਿਆਲਪੁਰਾ ਬੀੜ ਵਿੱਚ ਬੈਠਦੇ ਹੋਣ ਕਾਰਨ ਆਮ ਲੋਕਾਂ ਦਾ ਇਸੇ ਸੜਕ ਤੋਂ ਗੁਜਰਨਾ ਬਣਿਆ ਰਹਿੰਦਾਂ ਹੈ ਖਾਸ ਕਰਕੇ ਆਏ ਹਫਤੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੰਤਰੀ ਕੋਲ ਹਾਜਰੀ ਭਰਨ ਲਈ ਇੱਥੋਂ ਹੀ ਗੁਜਰਦੇ ਹਨ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੰਤਰੀ ਕਾਂਗੜ ਵਲੋਂ ਆਮ ਲੋਕਾਂ ਪਾਸੋਂ ਵਾਰ ਵਾਰ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਕਾਰਨ ਇਸ ਸੜਕ ਨੂੰ ਬਣਵਾ ਰਹੇ ਠੇਕੇਦਾਰ ਨੂੰ ਵੀ ਮਾਮੂਲੀ ਘੁਰਕੀ ਦਿਖਾਈ ਗਈ ਸੀ।
ਜਿਸਤੋਂ ਬਾਅਦ ਕੁਝ ਕੁ ਦਿਨ ਤਾਂ ਸੜਕ ਦਾ ਕੰਮ ਚਾਲੂ ਰਿਹਾ ਪਰ ਹੁਣ ਦੁਬਾਰਾ ਇਹ ਕੰਮ ਫੇਰ ਬੰਦ ਪਿਆ ਨਜਰ ਆ ਰਿਹਾ ਹੈ। ਜਿਸ ਕਾਰਨ ਲੋਕਾਂ ਵਲੋਂ ਪ੍ਰਸ਼ਾਸਨ ਦੀ ਕਿਰਕਿਰੀ ਕੀਤੀ ਜਾ ਰਹੀ ਹੈ। ਇਸ ਸੜਕ ਦੀ ਖਸਤਾ ਹਾਲਤ ਬਰਕਰਾਰ ਹੈ। ਉਧਰ ਦੂਜੇ ਪਾਸੇ ਆਮ ਲੋਕਾਂ ਵਲੋਂ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਪਾਸੋਂ ਮੰਗ ਕੀਤੀ ਗਈ ਹੈ ਕਿ ਉਹ ਠੇਕੇਦਾਰ ਖਿਲਾਫ ਇਸ ਤਰਾਂ੍ਹ ਕੰਮ ਨੂੰ ਲਟਕਾਉਣ ਸੰਬੰਧੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਉਣ ਅਤੇ ਜਲਦ ਇਸ ਸੜਕ ਦਾ ਕੰਮ ਨੇਪਰੇ ਚੜਵਾਉਣ ਤਾਂ ਕਿ ਰਾਹਗੀਰਾਂ ਨੂੰ ਰਾਹਤ ਮਹਿਸੂਸ ਹੋ ਸਕੇ ਅਤੇ ਰੋਜ ਵਾਪਰ ਰਹੇ ਹਾਦਸਿਆਂ ਤੋਂ ਛੁਟਕਾਰਾ ਪਾਇਆ ਜਾ ਸਕੇ।