ਬੇਪਰਦ ਹੋਇਆ ਪਿੰਡ ਦੁਲਚੀ ਮਾਜਰਾ ਦੀ ਖੇਤੀਬਾੜੀ ਸਹਿਕਾਰੀ ਸਭਾ ਵਿਚ ਲੱਖਾਂ ਦੀ ਹੋਈ ਧੋੜਾਧੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੀ ਦੁਲਚੀ ਮਾਜਰਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮ. ਪਿੰਡ ਦੁਲਚੀ ਮਾਜਰਾ ਦੇ ਹੋਏ 2018 ਤੋਂ 2019 ਦੇ  ਸਪੈਸ਼ਲ ਆਡਿਟ ਰਾਹੀਂ...

Photo

ਰੂਪਨਗਰ, 30 ਜੂਨ (ਸਵਰਨ ਸਿੰਘ ਭੰਗੂ, ਕਮਲ ਭਾਰਜ):  ਦੀ ਦੁਲਚੀ ਮਾਜਰਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮ. ਪਿੰਡ ਦੁਲਚੀ ਮਾਜਰਾ ਦੇ ਹੋਏ 2018 ਤੋਂ 2019 ਦੇ  ਸਪੈਸ਼ਲ ਆਡਿਟ ਰਾਹੀਂ 29 ਲੱਖ 54 ਹਜਾਰ 148 ਰੁਪਏ ਦੇ ਗ਼ਬਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਗੌਂਸਲਾ ਜ਼ਿਲ੍ਹਾ ਰੂਪਨਗਰ ਨਿਵਾਸੀ ਗੁਰਚਰਨ ਸਿੰਘ ਨੇ ਦਸਿਆ ਕਿ ਦੀ ਦੁਲਚੀ ਮਾਜਰਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮ. ਪਿੰਡ ਦੁਲਚੀ ਮਾਜਰਾ ਦੇ ਮੌਜੂਦਾ ਸਕੱਤਰ ਸੁਖਜਿਦਰਪਾਲ ਸਿੰਘ ਨੇ ਸੁਸਾਇਟੀ ਦੇ ਕਈ ਖੇਤੀਬਾੜੀ ਤੇ ਨਾਨ ਖੇਤੀਬਾੜੀ ਮੈਂਬਰਾ ਦੇ ਖਾਤਿਆਂ ਵਿਚ ਗ਼ਲਤ ਤਰੀਕੇ ਨਾਲ ਰਕਮ ਦਿਖਾ ਕੇ 18 ਲੱਖ ਦੋ ਹਜ਼ਾਰ 348  ਰੁਪਏ ਦਾ ਗਬਨ ਕੀਤਾ ਹੈ, ਜਦਕਿ 11 ਲੱਖ 51 ਹਜ਼ਾਰ 800 ਰੁਪਏ ਦੀ ਦੁਰਵਰਤੋਂ ਕੀਤੀ ਹੈ।

 ਜਿਸ ਦਾ ਕੁਲ ਜੋੜ 29 ਲੱਖ 54 ਹਜ਼ਾਰ 148 ਰੁਪਏ ਬਣਦਾ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਵਿਭਾਗ ਦੇ ਉੱਚ ਅਧਿਕਾਰੀਆ ਤੇ ਸਭਾ ਦੇ ਮੈਂਬਰਾਂ ਦੀ ਮਿਲੀਭੁਗਤ ਨਾਲ ਸੁਸਾਇਟੀ ਦੇ ਸਕੱਤਰ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੱਤਰ ਵਲੋਂ ਹੱਥ ਨਕਦੀ ਘਟਾਉਣ ਲਈ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਦਿਖਾਏ ਗਏ ਹਨ, ਜਿਨ੍ਹਾਂ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਦਾ ਸੁਸਾਇਟੀ ਵਿਚ ਕੋਈ ਕੋਈ ਖਾਤਾ ਹੀ ਨਹੀਂ ਹੈ।

ਦਿਲਚਸਪ ਗੱਲ ਇਹ ਹੈ ਕਿ ਸਭਾ ਵਲੋਂ ਗ਼ੈਰ ਖੇਤੀਬਾੜੀ ਮੈਂਬਰਾ ਨੂੰ ਸਿਰਫ਼ ਪੰਦਰਾ ਹਜ਼ਾਰ ਰੁਪਏ ਤਕ ਦਾ ਹੀ ਲੋਨ ਦੇ ਰੂਪ ਵਿਚ ਰਕਮ ਦਿਤੀ ਜਾ ਸਕਦੀ ਹੈ ਪਰ ਸਕੱਤਰ ਵਲੋਂ ਲੱਖਾ ਰੁਪਏ ਉਨ੍ਹਾਂ ਦੇ ਖਾਤਿਆ ਵਿਚ ਦਿਖਾਏ ਹਨ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਕੱਤਰ ਵਲੋਂ ਲੱਖ ਰੁਪਏ ਦੀ ਰਕਮ ਹਜ਼ਮ ਕਰਨ ਦੀ ਮਨਸ਼ਾ ਨਾਲ ਇਹ ਕੀਤਾ ਗਿਆ ਹੈ।

 ਉਨ੍ਹਾਂ ਸਰਕਾਰ ਤੇ ਵਿਭਾਗ ਤੋਂ ਪਹਿਲਾ ਵੀ ਲਿਖਤੀ ਰੂਪ ਵਿਚ ਕਈ ਵਾਰ ਮੰਗ ਕੀਤੀ ਹੈ ਤੇ ਹੁਣ ਵੀ ਉਹ ਮੰਗ ਕਰਦੇ ਹਨ ਕਿ ਸਕੱਤਰ ਦੇ ਵਿਰੁਧ ਕਨੂੰਨ ਦੇ ਅਨੁਸਾਰ ਬਣਦੀ ਕਾਰਵਾਈ ਕਰ ਕੇ ਨੌਕਰੀ ਤੋਂ ਲਾਂਭੇ ਕੀਤਾ ਜਾਵੇ। ਉੱਧਰ ਸੁਸਾਇਟੀ ਦੇ ਸਕੱਤਰ ਸੁਖਜਿੰਦਰਪਾਲ ਸਿੰਘ ਨੇ ਉਕਤ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਰਦਿਆਂ ਕਿਹਾ ਕਿ ਮੈਂ ਕੰਮ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੀਤਾ ਹੈ ਜਦਕਿ ਗੁਰਚਰਨ ਸਿੰਘ ਆਪਣੇ ਤੇ ਲੱਗੇ ਦੋਸ਼ਾਂ ਨੂੰ ਛਪਾਉਣ ਲਈ ਅਜਿਹੇ ਹੱਥ ਕੰਢੇ ਅਪਣਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਰਜ਼ਿਸਟਰਾਰ ਸਹਿਕਾਰੀ ਸਭਾਵਾਂ ਪੂਰਤੀ ਰਾਣਾ ਨੇ ਕਿਹਾ ਕਿ ਦੁਲਚੀ ਮਾਜਰਾ ਸਭਾ ਦੇ ਹੋਏ ਸਪੈਸ਼ਲ ਆਡਿਟ ਰਿਪੋਰਟ ਨੂੰ ਧਿਆਨ ਵਿੱਚ ਰੱਖ ਕੇ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ।