ਪਿੰਡ ਬਾਹਮਣ ਵਾਲੇ ਦੇ ਇਕੋ ਪਰਵਾਰ 'ਚ ਕੈਂਸਰ ਨਾਲ ਤੀਜੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੇੜਲੇ ਪਿੰਡ ਬਾਹਮਣਵਾਲਾ ਦੇ ਇਕੋ ਪਰਵਾਰ ਦੇ ਤੀਜੇ ਮੈਂਬਰ ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ।

Photo

ਕੋਟਕਪੂਰਾ, 30 ਜੂਨ (ਗੁਰਿੰਦਰ ਸਿੰਘ) : ਨੇੜਲੇ ਪਿੰਡ ਬਾਹਮਣਵਾਲਾ ਦੇ ਇਕੋ ਪਰਵਾਰ ਦੇ ਤੀਜੇ ਮੈਂਬਰ ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਸੇਵੀ ਪ੍ਰਦੀਪ ਚਮਕ ਨੇ ਦਸਿਆ ਕਿ ਪਿੰਡ ਬਾਹਮਣਵਾਲਾ ਦੇ ਹੁਕਮ ਚੰਦ ਸ਼ਰਮਾ ਦੀ ਮਾਤਾ ਕੁਸ਼ੱਲਿਆ ਦੇਵੀ ਅਤੇ ਭਰਾ ਬਲਦੇਵ ਰਾਜ ਦੀ ਕੈਂਸਰ ਦੀ ਬੀਮਾਰੀ ਕਾਰਨ ਕੁੱਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਹੁਣ ਉਨ੍ਹਾਂ ਦੀ ਭੈਣ ਸ਼ਿੰਦਰ ਕੌਰ ਨੂੰ ਵੀ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਨਿਗਲ ਲਿਆ।

ਉਨ੍ਹਾਂ ਦਸਿਆ ਕਿ ਮਾਤਾ ਜੀ ਦੀ ਬਾਂਹ ਜਦਕਿ ਭਰਾ ਬਲਦੇਵ ਰਾਜ ਦੇ ਗਲ ਵਿਚ ਕੈਂਸਰ ਸੀ ਅਤੇ ਉਨ੍ਹਾਂ ਦੀ ਭੈਣ ਸ਼ਿੰਦਰ ਕੌਰ ਦੇ ਛਾਤੀ ਵਿਚ ਕੈਂਸਰ ਸੀ। ਉਨ੍ਹਾਂ ਦਸਿਆ ਕਿ ਇਨ੍ਹਾਂ ਤਿੰਨਾਂ ਪਰਵਾਰਕ ਮੈਂਬਰਾਂ ਦੇ ਇਲਾਜ ਵਿਚ ਕੋਈ ਕਸਰ ਨਹੀਂ ਛੱਡੀ। ਫ਼ਰੀਦਕੋਟ, ਬੀਕਾਨੇਰ ਆਦਿ ਜਗਾ 'ਤੇ ਜਿਥੇ ਕਿਤੇ ਵੀ ਕੈਂਸਰ ਦੀ ਬੀਮਾਰੀ ਦੇ ਇਲਾਜ ਦਾ ਪਤਾ ਲਗਦਾ, ਉਹ ਉਥੋਂ ਹੀ ਇਲਾਜ ਕਰਵਾਉਂਦੇ ਸਨ। ਉਨ੍ਹਾਂ ਦਸਿਆ ਕਿ ਸ਼ਿੰਦਰ ਕੌਰ ਪਿਛਲੇ ਪੰਜ ਸਾਲ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝਦੀ-ਜੂਝਦੀ ਆਖਰ ਕੈਂਸਰ ਦੀ ਬਿਮਾਰੀ ਤੋਂ ਹਾਰ ਗਈ।

ਉਨ੍ਹਾਂ ਦੇ ਇਲਾਜ 'ਤੇ ਲਾਇਆ ਲੱਖਾਂ ਰੁਪਿਆ ਬੇਕਾਰ ਹੋ ਗਿਆ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਦੇ ਭਰਾ ਚਰਨਦਾਸ ਦੇ ਵੀ ਫ਼ੂਡ ਪਾਈਪ 'ਚ ਕੈਂਸਰ ਹੈ ਅਤੇ ਉਸ ਦਾ ਵੀ ਇਲਾਜ ਚੱਲ ਰਿਹਾ ਹੈ, ਪਹਿਲੀ ਹੀ ਸਟੇਜ ਵਿਚ ਕੈਂਸਰ ਦਾ ਪਤਾ ਲੱਗਣ ਤੇ ਉਹ ਹੁਣ ਬਿਲਕੁਲ ਠੀਕ ਹੈ ਅਤੇ ਸਾਰਾ ਕੰਮ ਸੰਭਾਲ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੈਂਸਰ ਦੀ ਬਿਮਾਰੀ ਦਾ ਪੂਰਾ ਇਲਾਜ ਮੁਫ਼ਤ ਕੀਤਾ ਜਾਵੇ ਅਤੇ ਕੈਂਸਰ ਪੀੜਤ ਪਰਵਾਰਾਂ ਨੂੰ ਵਿੱਤੀ ਸਹਾਇਤਾ ਦਿਤੀ ਜਾਵੇ, ਕਿਉਂਕਿ ਕੈਂਸਰ ਦੀ ਬਿਮਾਰੀ ਜਦ ਘਰ ਦੇ ਕਿਸੇ ਮੈਂਬਰ ਨੂੰ ਹੋ ਜਾਂਦੀ ਹੈ ਤਾਂ ਸਾਰਾ ਘਰ ਉਸ ਦੇ ਇਲਾਜ 'ਚ ਲੱਗ ਜਾਂਦਾ ਹੈ।