ਪੰਜਾਬੀ ਮੰਤਰੀ ਮੰਡਲ ਨੇ ਲਏ ਅਹਿਮ ਫ਼ੈਸਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਦੇ ਅਨਲਾਕ 2.0 ਦੀਆਂ ਹਦਾਇਤਾਂ ਲਾਗੂ ਕਰਨ 'ਤੇ ਸਹਿਮਤੀ

Punjabi Cabinet

ਤਾਲਾਬੰਦੀ ਦੀਆਂ ਸਖ਼ਤ ਪਾਬੰਦੀਆਂ ਹੋਰ ਵਧਾਉਣ ਦੇ ਹੱਕ 'ਚ ਨਹੀਂ ਸੂਬਾ ਸਰਕਾਰ
ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਿਹਤ ਅਤੇ ਮੈਡੀਕਲ ਸਿਖਿਆ ਵਿਭਾਗ ਵਿਚ 4245 ਅਸਾਮੀਆਂ ਭਰਨ ਦੀ ਮਨਜ਼ੂਰੀ

ਚੰਡੀਗੜ੍ਹ, 30 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ ਮੰਤਰੀ ਮੰਡਲ ਦੀ ਅੱਜ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਵਿਚਾਰ ਵਟਾਂਦਰੇ ਬਾਅਦ ਅਹਿਮ ਫ਼ੈਸਲੇ ਲੈਂਦਿਆਂ ਕੇਂਦਰ ਸਰਕਾਰ ਵਲੋਂ ਅਨਲਾਕ-2.0 ਤਹਿਤ ਜਾਰੀ ਹਦਾਇਤਾਂ ਨੂੰ ਹੂ-ਬ-ਹੂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਸੂਬੇ ਵਿਚ ਰਾਤ ਦੇ ਕਰਫ਼ਿਊ ਦਾ ਸਮਾਂ ਵੀ ਹੁਣ 10 ਤੋਂ ਸਵੇਰੇ 5 ਵਜੇ ਤਕ ਹੋ ਜਾਵੇਗਾ।

ਮੰਤਰੀ ਮੰਡਲ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਪੱਤਰਕਾਰਾਂ ਨੂੰ ਦਸਿਆ ਕਿ ਕੁੱਝ ਮੈਂਬਰਾਂ ਵਲੋਂ ਕੋਰੋਨਾ ਦੇ ਆਉਣ ਵਾਲੇ ਸਮੇਂ 'ਚ ਖ਼ਤਰੇ ਦਾ ਮੱਦੇਨਜ਼ਰ ਤਾਲਾਬੰਦੀ ਦੀਆਂ ਸਖ਼ਤ ਪਾਬੰਦੀਆਂ ਜਾਰੀ ਰੱਖਣ ਦਾ ਸੁਝਾਅ ਰਖਿਆ ਸੀ ਪਰ ਇਸ ਤੇ ਸਹਿਮਤੀ ਨਹੀਂ ਬਣੀ। ਉਨ੍ਹਾਂ ਕਿਹਾ ਕਿ ਮੱਧ ਵਰਗ ਤੇ ਗ਼ਰੀਬ ਵਰਗ ਦੇ ਲੋਕਾਂ ਨੇ ਪਹਿਲਾਂ ਹੀ ਸਖ਼ਤ ਪਾਬੰਦੀਆਂ ਦਾ ਬਹੁਤ ਵੱਡਾ ਦੁੱਖ ਝੇਲਿਆ ਹੈ ਅਤੇ ਸੂਬੇ ਦਾ ਆਰਥਕ ਪੱਖੋਂ ਵੀ ਛੇਤੀ ਪੂਰਾ ਨਾ ਹੋਣ ਵਾਲਾ ਵੱਡਾ ਨੁਕਸਾਨ ਹੋਇਆ ਹੈ।

ਇਸ ਕਰ ਕੇ ਸੂਬਾ ਸਰਕਾਰ ਤਾਲਾਬੰਦੀ ਦੀਆਂ ਸਖ਼ਤ ਪਾਬੰਦੀਆਂ ਹੋਰ ਅੱਗੇ ਵਧਾਉਣ ਦੇ ਹੱਕ ਵਿਚ ਨਹੀਂ ਅਤੇ ਲੋਕਾਂ ਨੂੰ ਅਨਲਾਕ 2.0 ਤਹਿਤ ਨਿਯਮਾਂ ਅਨੁਸਾਰ ਹੋਰ ਛੋਟਾਂ ਦੇਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾ ਨੂੰ ਕੋਰੋਨਾ ਤੋਂ ਬਚਣ ਦੀਆਂ ਸਾਵਧੀਆਂ ਰੱਖਣ ਲਈ ਪ੍ਰੇਰਿਤ ਕੀਤੀ ਜਾਵੇਗਾ ਅਤੇ ਕਾਫ਼ੀ ਲੋਕ ਜਾਗਰੂਕ ਵੀ ਹੋ ਚੁੱਕੇ ਹਨ। ਉਨ੍ਹਾਂ ਦਸਿਆ ਕਿ ਅੱਜ ਦੀ ਮੀਟਿੰਗ ਵਿਚ ਸਿਹਤ ਅਤੇ ਪਰਵਾਰ ਕਲਿਆਣ ਵਿਭਾਗ ਵਲੋਂ ਕੋਰੋਨਾ ਦੀ ਸਥਿਤੀ ਬਾਰੇ ਪੇਸ਼ਕਾਰੀ ਵੀ ਕੀਤੀ ਗਈ।

ਉਨ੍ਹਾਂ ਦਸਿਆ ਕਿ ਕੋਰੋਨਾ ਸੂਬਿਆਂ ਅਤੇ ਗੁਆਂਢੀ ਸੂਬੇ ਹਰਿਆਣਾ ਦੇ ਮੁਕਾਬਲੇ ਪੰਜਾਬ ਵਿਚ ਕੋਰੋਨਾ ਦੀ ਸਥਿਤੀ ਬੇਹਤਰ ਤੇ ਕਾਬੂ ਹੇਠ ਹੈ ਭਾਵੇਂ ਆਉਣ ਵਾਲੇ ਸਮੇਂ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਵਿੱਤ ਮੰਤਰੀ ਨੇ ਦਸਿਆ ਕਿ ਅੱਜ ਮੀਟਿੰਗ ਮੁੱਖ ਤੌਰ 'ਤੇ ਕੋਵਿਡ-19 ਮਹਾਂਮਾਰੀ 'ਤੇ ਹੀ ਕੇਂਦਰਿਤ ਸੀ। ਕੋਵਿਡ ਨਾਲ ਨਿਪਟਣ ਲਈ ਸਿਹਤ ਅਤੇ ਮੈਡੀਕਲ ਸਿਖਿਆ ਵਿਭਾਗ ਵਿਚ 4245 ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿਤੀ ਗਈ ਹੈ।

ਇਸ ਵਿਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਤੋਂ ਇਲਾਵਾ ਹੋਰ ਵੱਖ ਵੱਖ ਤਰ੍ਹਾਂ ਦੀਆਂ ਅਸਾਮੀਆਂ ਸ਼ਾਮਲ ਹਨ। ਇਨ੍ਹਾਂ ਵਿਚ 3954 ਅਸਾਮੀਆਂ ਸਿਹਤ ਵਿਭਾਗ ਅਤੇ 291 ਅਸਾਮੀਆਂ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੀਆਂ ਹਨ। ਇਨ੍ਹਾਂ ਅਸਾਮਲੀਆਂ ਨੂੰ ਐਮਰਜੈਂਸੀ ਹਾਲਾਤਾਂ ਕਾਰਨ ਤੁਰਤ ਭਰਨ ਲਈ ਪੀ.ਪੀ.ਐਸ.ਸੀ. ਅਤੇ ਐਸ.ਐਸ. ਬੋਰਡ ਦੇ ਘੇਰੇ 'ਚੋਂ ਕੱਟ ਕੇ ਬਾਬਾ ਫ਼ਰੀਦ ਮੈਡੀਕਲ ਸਾਇੰਸਜ਼ ਯੂਨੀਵਰਸਿਟੀ ਨੂੰ ਭਰਤੀ ਦੇ ਅਧਿਕਾਰ ਦਿਤੇ ਗਏ ਹਨ।

ਇਸ ਤੋਂ ਇਲਾਵਾ ਪਹਿਲਾਂ ਹੀ ਸਰਕਾਰੀ ਨੌਕਰੀ ਕਰ ਰਹੇ ਠੇਕੇ ਤੇ ਆਊਟ ਸੋਰਸਿੰਗ ਵਾਲੇ ਮੁਲਾਜ਼ਮਾਂ ਨੂੰ ਭਰਤੀ ਹੋਣ ਲਈ ਉਮਰ ਦੀ ਹੱਣ ਸੀਮਾ ਛੋਟੇ ਦੇ ਕੇ 45 ਸਾਲ ਤਕ ਕਰ ਦਿਤੀ ਗਈ ਹੈ। ਵਿਦਿਅਕ ਯੋਗਤਾ ਵਿਚ ਕੋਈ ਛੋਟ ਨਹੀਂ ਮਿਲੇਗੀ। ਜੂਨੀਅਰ ਰੈਜੀਡੈਂਟਸ ਨੂੰ ਇਕ ਸਾਲ ਲਈ ਸੀਨੀਅਰ ਰੈਜੀਡੈਂਟ ਵਜੋਂ ਰੱਖਣ ਦੀ ਪ੍ਰਵਾਨਗੀ ਵੀ ਦਿਤੀ ਗਈ। 32 ਸਹਾਇਕ ਪ੍ਰੋਫੈਸਰ ਵੀ ਠੇਕਸ ਦੇ ਆਧਾਰ 'ਤੇ ਇਕ ਸਾਲ ਲਈ ਅਤੇ 7 ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਰੈਗੂਲਰ ਪੱਧਰ 'ਤੇ ਭਰਤੀ ਕਰਨ ਦੀ ਵੀ ਅੱਜ ਮੀਟਿੰਗ ਵਿਚ ਮਨਜ਼ੂਰੀ ਦਿਤੀ ਗਈ ਹੈ। ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੀਆਂ ਸਾਲਾਨਾ ਪ੍ਰਸਾਸ਼ਕੀ ਰੀਪੋਰਟਾਂ ਨੂੰ ਵੀ ਪ੍ਰਵਾਨਗੀ ਦਿਤੀ ਗਈ ਹੈ।