ਗਾਜ਼ੀਪੁਰ 'ਚ ਭਾਜਪਾ ਵਰਕਰ ਤੇ ਕਿਸਾਨ ਭਿੜੇ, ਕਈ ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਗਾਜ਼ੀਪੁਰ 'ਚ ਭਾਜਪਾ ਵਰਕਰ ਤੇ ਕਿਸਾਨ ਭਿੜੇ, ਕਈ ਜ਼ਖ਼ਮੀ

image


ਗਾਜ਼ੀਆਬਾਦ (ਉੱਤਰ ਪ੍ਰਦੇਸ਼), 30 ਜੂਨ : ਦਿੱਲੀ-ਉੱਤਰ ਪ੍ਰਦੇਸ਼ ਸਰਹੱਦ 'ਤੇ ਸਥਿਤ ਗਾਜ਼ੀਪੁਰ 'ਚ ਭਾਜਪਾ ਵਰਕਰਾਂ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਅੰਦੋਲਨਕਾਰੀ ਕਿਸਾਨਾਂ ਵਿਚਾਲੇ ਬੁਧਵਾਰ ਨੂੰ  ਝੜਪ ਹੋ ਗਈ | ਪ੍ਰਤੱਖ ਦਰਸ਼ੀਆਂ ਅਨੁਸਾਰ, ਹੰਗਾਮਾ ਉਸ ਸਮੇਂ ਹੋਇਆ, ਜਦੋਂ ਭਾਜਪਾ ਵਰਕਰ ਉਸ ਫ਼ਲਾਈਓਵਰ ਤੋਂ ਅਪਣਾ ਜਲੂਸ ਕੱਢ ਰਹੇ ਸਨ, ਜਿਥੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਨਵੰਬਰ 2020 ਤੋਂ ਧਰਨੇ 'ਤੇ ਬੈਠੇ ਹੋਏ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਭਾਰਤੀ ਕਿਸਾਨ ਯੂਨੀਅਨ ਦੇ ਸਮਰਥਕ ਹਨ | ਉਨ੍ਹਾਂ ਦਸਿਆ ਕਿ ਦੁਪਹਿਰ ਕਰੀਬ 12 ਵਜੇ ਦਿੱਲੀ-ਮੇਰਠ ਐਕਸਪ੍ਰੈੱਸ ਵੇਅ 'ਤੇ ਦੋਵੇਂ ਪੱਖ ਆਹਮਣੇ-ਸਾਹਮਣੇ ਆ ਗਏ ਅਤੇ ਝਗੜਾ ਸ਼ੁਰੂ ਹੋ ਗਿਆ | ਡੰਡਿਆਂ ਨਾਲ ਹਮਲਾ ਹੋਣ ਕਾਰਨ ਕੁੱਝ ਲੋਕ ਜ਼ਖ਼ਮੀ ਹੋ ਗਏ | 
  ਸੋਸ਼ਲ ਮੀਡੀਆ 'ਤੇ ਵੀਡੀਉ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਕੁੱਝ ਗੱਡੀਆਂ ਨੁਕਸਾਨੀਆਂ ਦਿਖਾਈ ਦੇ ਰਹੀਆਂ ਹਨ | ਇਹ ਗੱਡੀਆਂ ਭਾਜਪਾ ਆਗੂ ਅਮਿਤ ਵਾਲਮੀਕ ਦੇ ਕਾਫ਼ਲੇ ਦਾ ਹਿੱਸਾ ਸਨ ਅਤੇ ਉਨ੍ਹਾਂ ਦੇ ਸੁਆਗਤ ਲਈ ਹੀ ਜਲੂਸ ਕਢਿਆ ਜਾ ਰਿਹਾ ਸੀ | ਹਾਲਾਤ ਇੰਨੇ ਖਰਾਬ ਹੋ ਗਏ ਕਿ ਭਾਜਪਾ ਨੇਤਾ ਨੂੰ  ਉਥੋਂ ਆਪਣੀ ਗੱਡੀ ਕੱਢਣ ਲਈ ਪੁਲਿਸ ਦੀ ਮਦਦ ਲੈਣੀ ਪਈ | ਇਸ ਪੂਰੇ ਹੰਗਾਮੇ ਬਾਰੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਜਪਾ 'ਤੇ ਕਈ ਗੰਭੀਰ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਭਾਜਪਾਈ ਉਨ੍ਹਾਂ ਦੇ ਮੰਚ 'ਤੇ ਆ ਗਏ ਤੇ ਅਪਣੇ ਆਗੂ ਦਾ ਸਵਾਗਤ ਕਰਨ ਲੱਗੇ | ਉਨ੍ਹਾਂ ਕਿਹਾ ਕਿ ਇਹ ਲੋਕ ਪਿਛਲੇ ਕਈ ਦਿਨਾਂ ਤੋਂ ਭਾਜਪਾ ਦੇ ਝੰਡੇ ਲੈ ਕੇ ਇਥੇ ਆ ਰਹੇ ਸਨ |
  ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਨੂੰ  ਦਬਾਉਣ ਅਤੇ ਇਸ ਨੂੰ  ਬਦਨਾਮ ਕਰਨ ਦੀ ਸਰਕਾਰ ਦੀ ਇਕ ਹੋਰ ਸਾਜ਼ਸ਼ ਹੈ | ਸੰਯੁਕਤ ਕਿਸਾਨ ਮੋਰਚਾ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰੀ ਅਧਿਕਾਰੀਆਂ ਨੂੰ  ਸੂਚਤ ਕੀਤਾ ਸੀ ਕਿ ਉਹ ਪਾਰਟੀ ਵਰਕਰਾਂ ਨੂੰ  ਹਟਾਉਣ, ਕਿਉਂਕਿ ਉਹ ਸਵਾਗਤ ਰੈਲੀ ਦੇ ਨਾਮ 'ਤੇ ਹੰਗਾਮਾ ਕਰ ਰਹੇ ਹਨ | ਬਾਜਵਾ ਨੇ ਕਿਹਾ,''ਉਨ੍ਹਾਂ ਨੇ ਕਿਸਾਨਾਂ ਨਾਲ ਗ਼ਲਤ ਵਤੀਰਾ ਕੀਤਾ ਅਤੇ ਇਕ ਸਾਜ਼ਸ਼ ਅਧੀਨ ਖ਼ੁਦ ਅਪਣੇ ਵਾਹਨਾਂ ਨੂੰ  ਨੁਕਸਾਨ ਪਹੁੰਚਾਇਆ | ਸਰਕਾਰ ਦੀ ਇਹ ਸਾਜ਼ਸ਼ ਕਾਮਯਾਬ ਨਹੀਂ ਹੋਣ ਵਾਲੀ ਹੈ, ਕਿਉਂਕਿ ਪਹਿਲਾਂ ਹੀ ਕਿਸਾਨਾਂ ਦੇ ਅੰਦੋਲਨ ਨੂੰ  ਖ਼ਤਮ ਕਰਨ ਲਈ ਇਸ ਤਰ੍ਹਾਂ ਦੇ ਪੈਂਤੜੇ ਅਪਣਾਏ ਜਾ ਚੁਕੇ ਹਨ |'' 
  ਉਨ੍ਹਾਂ ਕਿਹਾ,''ਅਸੀਂ ਬੁਧਵਾਰ ਦੀ ਘਟਨਾ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਜਾ ਰਹੇ ਹਾਂ ਅਤੇ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਸੀਂ ਉਸ ਹਿਸਾਬ ਨਾਲ ਅਪਣੀ ਭਵਿਖ ਦੀ ਰਣਨੀਤੀ ਤੈਅ ਕਰਾਂਗੇ |'' ਬਾਜਵਾ ਨੇ ਕਿਹਾ,''ਅਸੀਂ ਭਾਜਪਾ ਵਲੋਂ ਕੀਤੇ ਗਏ ਹੰਗਾਮੇ ਦੀ ਨਿੰਦਾ ਕਰਦੇ ਹਾਂ |'' ਉਨ੍ਹਾਂ ਕਿਹਾ ਕਿ ਇਹ ਪੈਂਤੜੇ ਕੰਮ ਨਹੀਂ ਕਰਨਗੇ, ਕਿਉਂਕਿ ਕਿਸਾਨਾਂ ਦਾ ਅੰਦੋਲਨ ਸ਼ਾਂਤੀਪੂਰਨ ਤਰੀਕੇ ਨਾਲ ਪਿਛਲੇ 7 ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਭਵਿਖ ਵਿਚ ਵੀ ਜਾਰੀ ਰਹੇਗਾ |     (ਪੀਟੀਆਈ)