ਦਿੱਲੀ ’ਚ ਪੰਜਾਬੀ ਅਧਿਆਪਕਾਂ ਦੀ ਨਿਯੁਕਤੀ ਲਈ ਉਮੀਦਵਾਰ ਵੱਡੀ ਗਿਣਤੀ ’ਚ ਅੱਗੇ ਆਉਣ: ਡਾ. ਜਸਵਿੰਦਰ ਸ
ਦਿੱਲੀ ’ਚ ਪੰਜਾਬੀ ਅਧਿਆਪਕਾਂ ਦੀ ਨਿਯੁਕਤੀ ਲਈ ਉਮੀਦਵਾਰ ਵੱਡੀ ਗਿਣਤੀ ’ਚ ਅੱਗੇ ਆਉਣ: ਡਾ. ਜਸਵਿੰਦਰ ਸਿੰਘ
ਨਵੀਂ ਦਿੱਲੀ, 30 ਜੂਨ (ਸੁਖਰਾਜ ਸਿੰਘ): ਦਿੱਲੀ ਸਟਾਫ਼ ਸਲੈਕਸ਼ਨ ਬੋਰਡ ਵੱਲੋਂ ਇਥੇ ਦੇ ਸਰਕਾਰੀ ਸਕੂਲਾਂ ਲਈ ਪਹਿਲੀ ਵਾਰੀ ਟੀ.ਜੀ.ਟੀ. ਪੰਜਾਬੀ ਦੇ ਅਹੁਦੇ ਲਈ 874 ਅਸਾਮੀਆਂ ਦੀ ਨਿਯੁਕਤੀ ਵਾਸਤੇ ਬੀਤੇ ਦਿਨੀਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਸਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬੀ ਮਾਂ-ਬੋਲੀ ਦੇ ਅਲੰਬਰਦਾਰ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਪੰਜਾਬੀ ਵਿਸ਼ੇ ਦੇ ਅਧਿਆਪਕ ਬਣਨ ਵਾਲੇ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਦੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪੋਸਟਾਂ ਲਈ ਫਾਰਮ ਭਰਨ ਵਾਸਤੇ ਵੱਧ ਤੋਂ ਵੱਧ ਗਿਣਤੀ ਵਿੱਚ ਅੱਗੇ ਆਉਣ। ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਲਈ ਇਹ ਬੜਾ ਹੀ ਸੁਨਹਿਰੀ ਮੌਕਾ ਹੈ ਕਿ ਉਹ ਇਨ੍ਹਾਂ ਪੋਸਟਾਂ ਤੇ ਨਿਯੁਕਤ ਹੋ ਕੇ ਪੰਜਾਬੀ ਮਾਂ-ਬੋਲੀ ਦੀ ਵੱਧ ਤੋਂ ਵੱਧ ਸੇਵਾ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ ਫਾਰਮ ਭਰਨ ਵਾਲੇ ਉਮੀਦਵਾਰਾਂ ਦਾ ਅਧਿਆਪਕ ਯੋਗਤਾ ਦਾ ‘ਸੀ ਟੈੱਟ’ ਟੈੱਸਟ ਪਾਸ ਕੀਤਾ ਹੋਣਾ ਜ਼ਰੂਰੀ ਹੈ ਤੇ ਨਾਲ ਹੀ ਬੀ.ਏ. ਤੱਕ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਦੇ ਨਾਲ-ਨਾਲ ਬੀ.ਐੱਡ. ਕੀਤੀ ਹੋਣੀ ਚਾਹੀਦੀ ਹੈ। ਡਾ. ਜਸਵਿੰਦਰ ਨੇ ਦੱਸਿਆ ਕਿ ਫਾਰਮ ਭਰਨ ਦੀ ਆਖਰੀ ਤਰੀਕ 3 ਜੁਲਾਈ 2021 ਹੈ ਤੇ ਇਹ ਫਾਰਮ ‘ਆਨਲਾਈਨ’ ਹੀ ਭਰੇ ਜਾ ਸਕਦੇ ਹਨ। ਇਸ ਲਈ ਇਨ੍ਹਾਂ ਪੋਸਟਾਂ ਨੂੰ ਭਰਨ ਲਈ ਪੰਜਾਬੀ ਭਾਈਚਾਰੇ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਸਰਕਾਰਾਂ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਕਿ ਅਸੀਂ ਤਾਂ ਪੰਜਾਬੀ ਅਧਿਆਪਕਾਂ ਦੀ ਪੋਸਟਾਂ ਕੱਢਦੇ ਹਾਂ ਲੇਕਿਨ ਇਨ੍ਹਾਂ ਤੇ ਨਿਯੁਕਤ ਹੋਣ ਲਈ ਕੋਈ ਅੱਗੇ ਨਹੀਂ ਆਉਂਦਾ ਹੈ।