ਹਰੀਸ਼ ਰਾਏ ਢਾਂਡਾ ਨੇ ਦਸਿਆ, ਬੈਂਸ ਤੋਂ ਖ਼ਤਰਾ, ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ
ਹਰੀਸ਼ ਰਾਏ ਢਾਂਡਾ ਨੇ ਦਸਿਆ, ਬੈਂਸ ਤੋਂ ਖ਼ਤਰਾ, ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ
ਚੰਡੀਗੜ੍ਹ, 30 ਜੂਨ (ਸੁਰਜੀਤ ਸਿੰਘ ਸੱਤੀ) : ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰੀਸ਼ ਰਾਏ ਢਾਂਡਾ ਨੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਨਜੀਤ ਬੈਂਸ ਤੋਂ ਅਪਣੀ ਜਾਨ ਨੂੰ ਖ਼ਤਰਾ ਦਸਦਿਆਂ ਸੁਰੱਖਿਆ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿਚ ਪਟੀਸਨ ਦਾਖ਼ਲ ਕੀਤੀ ਹੈ। ਇਸ ’ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 19 ਜੁਲਾਈ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ। ਢਾਂਡਾ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਪਿਛਲੇ ਸਾਲ ਇਕ ਮਹਿਲਾ ਨੇ ਸਿਮਰਜੀਤ ਬੈਂਸ ਉੱਤੇ ਦੂਰ ਜਨਾਹ ਦਾ ਦੋਸ਼ ਲਗਾਇਆ ਸੀ ਅਤੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਦੇ ਕੇ ਬੈਂਸ ਵਿਰੁਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਢਾਂਡਾ ਨੇ ਕਿਹਾ ਕਿ ਇਕ ਵਕੀਲ ਹੋਣ ਨੇ ਨਾਤੇ ਅਤੇ ਅਪਣੀ ਸਮਾਜਕ ਜ਼ਿੰਮੇਵਾਰੀ ਸਮਝਦੇ ਹੋਏ ਮਹਿਲਾ ਦਾ ਪੱਖ ਪੂਰਿਆ ਸੀ ਅਤੇ ਪ੍ਰੈਸ ਕਾਫ਼ਰੰਸ ਕਰ ਕੇ ਮਹਿਲਾ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਸੀ। ਢਾਂਡਾ ਨੇ ਕਿਹਾ ਕਿ ਉਦੋਂ ਤੋਂ ਹੀ ਸਿਮਰਜੀਤ ਬੈਂਸ ਦੇ ਬੰਦੇ ਉਸ ਨੂੰ ਧਮਕੀਆਂ ਦੇਣ ਲੱਗੇ। ਇਸ ਨੂੰ ਲੈ ਕੇ ਉਨ੍ਹਾਂ ਨੇ ਅਪ੍ਰੈਲ ਮਹੀਨੇ ਵਿਚ ਸਿਮਰਜੀਤ ਬੈਂਸ ਵਿਰੁਧ ਸ਼ਿਕਾਇਤ ਵੀ ਦਰਜ ਕਰਵਾਈ ਸੀ ਜਿਸ ਨੂੰ ਸੀ.ਜੇ.ਐਮ. ਨੇ ਖ਼ਾਰਜ ਕਰ ਦਿਤਾ ਸੀ। ਸੀ.ਜੇ.ਐਮ. ਦੇ ਫ਼ੈਸਲੇ ਵਿਰੁਧ ਉਨ੍ਹਾਂ ਨੇ ਰਿਵੀਜਨ ਵੀ ਦਰਜ ਕੀਤੀ ਹੈ ।