ED ਵਲੋਂ 1178 ਕਰੋੜ ਦੇ ਘਪਲੇ ਦੀ ਜਾਂਚ ਸ਼ੁਰੂ, ਪੰਜਾਬ ਦੇ ਸਾਬਕਾ ਮੰਤਰੀ ਵਲੋਂ ਕੀਤੇ ਖ਼ੁਲਾਸੇ 'ਤੇ ਹੋਈ ਕਾਰਵਾਈ
ਵਿਭਾਗ ਵਿਚ ਹੋਏ ਵੱਡੇ ਘਪਲੇ ਬਾਰੇ ਪ੍ਰਧਾਨ ਮੰਤਰੀ ਨੂੰ ਵੀ ਲਿਖੀ ਸੀ ਚਿੱਠੀ
ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਲਗਾਤਾਰ ਐਕਸ਼ਨ ਮੋੜ ਵਿਚ ਨਜ਼ਰ ਆ ਰਹੀ ਹੈ। ਪਿਛਲੀਆਂ ਸਰਕਾਰਾਂ ਦੌਰਾਨ ਹੋਏ ਘਪਲਿਆਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਜੰਗਲਾਤ ਵਿਭਾਗ ਵਿਚ ਘਪਲੇ ਦੇ ਮਾਮਲੇ ਵਿਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਸੰਗਤ ਸਿੰਘ ਗਿਲਜ਼ੀਆਂ ਵੀ ਜਾਂਚ ਦੇ ਘੇਰੇ ਵਿਚ ਹੈ।
ਹੁਣ ਤਾਜ਼ਾ ਜਾਣਕਾਰੀ ਅਨੁਸਾਰ ਕਾਂਗਰਸ ਸਰਕਾਰ ਵੇਲੇ ਖੇਤੀਬਾੜੀ ਵਿਭਾਗ 'ਚ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ (CRM) ਦੀ ਖ਼ਰੀਦ ਨਾਲ ਜੁੜੇ 1178 ਕਰੋੜ ਰੁਪਏ ਦੇ ਘਪਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਇਹ ਵਿਭਾਗ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦੇ ਸਪੁਰਦ ਸੀ। ਹੁਣ ਇਸ ਘਪਲੇ ਦੀ ਜਾਂਚ ਵੀ ਸ਼ੁਰੂ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ 8 ਮਾਰਚ, 2022 ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਚਿੱਠੀ ਲਿਖੀ ਸੀ, ਜਿਸ 'ਚ ਉਨ੍ਹਾਂ ਨੇ 1178 ਕਰੋੜ ਰੁਪਏ ਦੇ ਇਸ ਘਪਲੇ ਬਾਰੇ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ ਸੀ। ਸੂਬਾ ਸਰਕਾਰ ਨੇ ਇਸ ਮਾਮਲੇ 'ਚ ਖੇਤੀਬਾੜੀ ਅਧਿਕਾਰੀਆਂ ਨੂੰ ਘਪਲੇ ਨਾਲ ਸਬੰਧਿਤ ਰਿਕਾਰਡ ਸਮੇਤ ਤਿਆਰ ਰਹਿਣ ਲਈ ਕਿਹਾ ਹੈ।
ਦੱਸ ਦੇਈਏ ਕਿ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਇਸ ਘਪਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਮੰਤਰੀ ਨੇ ਕਿਹਾ ਸੀ ਕਿ ਜਿਸ ਮਸ਼ੀਨਰੀ ਦਾ ਜ਼ਿਕਰ ਦਸਤਾਵੇਜ਼ਾਂ 'ਚ ਕੀਤਾ ਗਿਆ ਸੀ, ਉਹ ਜ਼ਮੀਨ 'ਤੇ ਕਿਤੇ ਨਜ਼ਰ ਨਹੀਂ ਆਈ। ਰਣਦੀਪ ਸਿੰਘ ਨਾਭਾ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 'ਚ ਜ਼ਿਕਰ ਕੀਤਾ ਗਿਆ ਸੀ ਕਿ ਇਹ ਰਾਸ਼ੀ ਗਬਨ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਮੈਂ ਮਹਿਕਮੇ ਦਾ ਚਾਰਜ ਸੰਭਾਲਿਆ ਤਾਂ ਸਾਹਮਣੇ ਆਇਆ ਕਿ ਭਾਰਤ ਸਰਕਾਰ ਨੇ CRM ਸਕੀਮ ਤਹਿਤ 1178.47 ਕਰੋੜ ਰੁਪਏ ਭੇਜੇ ਸਨ। ਇਹ ਰਾਸ਼ੀ ਸਾਲ 2018-19 ਤੋਂ ਲੈ ਕੇ 2021-22 ਤੱਕ ਭੇਜੀ ਗਈ ਸੀ। ਰਣਦੀਪ ਸਿੰਘ ਨਾਭਾ ਨੇ ਕਿਹਾ ਸੀ ਕਿ ਇਸ ਸਬੰਧੀ ਵਿੱਤ ਕਮਿਸ਼ਨਰ (ਖੇਤੀਬਾੜੀ) ਨੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਇਸ ਤੋਂ ਇਲਾਵਾ ਤਤਕਾਲੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਚੰਨੀ ਸਰਕਾਰ ਨੂੰ ਵੀ ਇਸ ਬਾਰੇ ਜਾਣੂੰ ਕਰਵਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਹੁਣ ਈ. ਡੀ. ਵੱਲੋਂ ਇਸ ਘਪਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।