ਗੈਂਗਸਟਰ ਸੁੱਖਾ ਦੁੱਨੇਕੇ ਦੇ ਫ਼ਿਰੌਤੀ ਮੋਡਿਊਲ ਦਾ ਪਰਦਾਫਾਸ਼, ਲੁਧਿਆਣਾ ਪੁਲਿਸ ਨੇ 7 ਕੀਤੇ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਇਸ ਸਬੰਧ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

Gangster Sukha Dunneke’s Ludhiana extortion module nabbed

ਲੁਧਿਆਣਾ: ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਪੁਲਿਸ ਨੇ ਗੈਂਗਸਟਰ ਸੁੱਖਾ ਦੁੱਨੇਕੇ ਦੀ ਜਬਰੀ ਵਸੂਲੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਦਰਅਸਲ, 15 ਜੂਨ 2022 ਨੂੰ ਕਾਰੋਬਾਰੀ ਸੁਭਾਸ਼ ਅਰੋੜਾ ਤੋਂ 3 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ ਅਤੇ ਉਸ ਦੀ ਕਾਰ 'ਤੇ 3 ਲੋਕਾਂ ਨੇ ਫਾਇਰਿੰਗ ਕਰ ਦਿੱਤੀ ਸੀ, ਜਿਸ ਤੋਂ ਬਾਅਦ ਫ਼ਿਰੌਤੀ ਵਜੋਂ ਅੰਤਰਰਾਸ਼ਟਰੀ ਨੰਬਰ ਤੋਂ 3 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ।

ਇਸ ਦੇ ਨਾਲ ਹੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਤੋਂ ਗੋਲੀਬਾਰੀ ਦੀ ਘਟਨਾ ਲਈ ਵਰਤੇ ਗਏ ਮੋਟਰਸਾਈਕਲ ਅਤੇ ਆਈ 20 ਕਾਰ ਦੀ ਪਛਾਣ ਕਰ ਲਈ ਹੈ। ਅਗਲੀ ਕਾਰਵਾਈ ਕਰਦਿਆਂ ਸਮਰਾਲਾ ਦੇ ਰਹਿਣ ਵਾਲੇ ਵਿੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ ਸਥਾਨਕ ਸਹਾਇਕ ਸੀ ਅਤੇ ਮੋਟਰਸਾਈਕਲ 'ਤੇ ਸਵਾਰ ਸੀ। ਉਸ ਦੇ ਖੁਲਾਸੇ ’ਤੇ ਪੁਲੀਸ ਟੀਮ ਬਰਨਾਲਾ ਭੇਜੀ ਗਈ। ਜਿਥੇ ਇਹ ਸਾਰੇ ਲੁਕੇ ਹੋਏ ਸਨ ਉਥੇ ਅੱਧੀ ਰਾਤ ਨੂੰ ਛਾਪੇਮਾਰੀ ਦੌਰਾਨ ਸ਼ੁਭਮ, ਸੱਤਾ, ਦੇਸੀ ਅਤੇ ਸੰਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਇਹ ਕਾਰ 'ਤੇ ਗੋਲੀਆਂ ਚਲਾਉਣ ਵਾਲੇ ਮੁੱਖ ਵਿਅਕਤੀ ਸਨ। ਇਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।

ਦੱਸ ਦੇਈਏ ਕਿ ਇਸ ਛਾਪੇਮਾਰੀ ਦੌਰਾਨ ਲਖਵੀਰ ਸਿੰਘ ਉਰਫ਼ ਵਿੱਕੀ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਸਮਰਾਲਾ, ਲਵਪ੍ਰੀਤ ਸਿੰਘ ਉਰਫ਼ ਦੇਸੀ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮਾਹਿਲ ਖੁਰਦ ਜ਼ਿਲ੍ਹਾ ਬਰਨਾਲਾ, ਹਰਵਿੰਦਰ ਸਿੰਘ ਉਰਫ਼ ਸੰਨੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰਾਏਕੋਟ ਰੋਡ ਸੰਤ ਉੱਤਰਦੇਵ ਨਗਰ ਗਲੀ ਨੰ. 8, ਬਰਨਾਲਾ ਜ਼ਿਲ੍ਹਾ ਬਰਨਾਲਾ, ਸਤਨਾਮ ਸਿੰਘ ਉਰਫ਼ ਸੱਤੀ ਪੁੱਤਰ ਪਰਮਜੀਤ ਸਿੰਘ ਵਾਸੀ ਗਲੀ ਨੰ: 12, ਸੈਂਚਾਂ ਰੋਡ ਬਰਨਾਲਾ, ਸ਼ੁਭਮ ਉਰਫ਼ ਸ਼ੁਭੀ ਪੁੱਤਰ ਰਾਜੇਸ਼ ਵਾਸੀ ਗਲੀ ਨੰ. 4, ਸੋਖਾ ਰੋਡ, ਬਰਨਾਲਾ, ਦਿਲਪ੍ਰੀਤ ਸਿੰਘ ਉਰਫ਼ ਪੀਟਾ ਸਰਪੰਚ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਨਾਟ, ਸਾਹਨੇਵਾਲ, ਮਨਪ੍ਰੀਤ ਉਰਫ਼ ਗੋਲਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਨੱਤ, ਸਾਹਨੇਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਉਕਤ ਵਿਅਕਤੀਆਂ ਕੋਲੋਂ ਪੁਲਿਸ ਨੂੰ ਜੋ ਬਰਾਮਦਗੀ ਹੋਈ ਹੈ ਉਸ ਵਿਚ 4 ਪਿਸਤੌਲ (32 ਬੋਰ) ਜਿਸ ਵਿੱਚ 4 ਮੈਗਜ਼ੀਨ 32 ਬੋਰ, 1 ਮੈਗਜ਼ੀਨ 30 ਬੋਰ; 26 ਜ਼ਿੰਦਾ ਕਾਰਤੂਸ (32 ਬੋਰ); 10 ਜ਼ਿੰਦਾ ਕਾਰਤੂਸ (30 ਬੋਰ); 4 ਮੋਟਰਸਾਈਕਲ ਨੰਬਰ ਪੀ.ਬੀ.10 ਡੀ.ਐਲ.945 ਬ੍ਰਾਂਡ ਟੀ.ਵੀ.ਐਸ. ਘਟਨਾ ਵਿੱਚ ਵਰਤਿਆ ਗਿਆ (ਲਾਲ ਰੰਗ) ਸ਼ਾਮਲ ਹਨ। ਇਸ ਤੋਂ ਇਲਾਵਾ 7 ਮੋਬਾਈਲ ਫੋਨ, 2 ਵਾਈਫਾਈ ਡੌਂਗਲ, 1 ਲੱਖ ਨਕਦ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗਿਰੋਹ ਦੇ ਮੈਂਬਰਾਂ ਦੇ ਸਬੰਧ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।