ਬਾਗ਼ੀ ਵਿਧਾਇਕ ਏਕਨਾਥ ਸ਼ਿੰਦੇ ਨੇ ਮੁੱਖ ਮੰਤਰੀ ਵਜੋਂ ਚੁਕੀ ਸਹੁੰ, ਫੜਨਵੀਸ ਬਣੇ ਉਪ ਮੁੱਖ ਮੰਤਰੀ

ਏਜੰਸੀ

ਖ਼ਬਰਾਂ, ਪੰਜਾਬ

ਬਾਗ਼ੀ ਵਿਧਾਇਕ ਏਕਨਾਥ ਸ਼ਿੰਦੇ ਨੇ ਮੁੱਖ ਮੰਤਰੀ ਵਜੋਂ ਚੁਕੀ ਸਹੁੰ, ਫੜਨਵੀਸ ਬਣੇ ਉਪ ਮੁੱਖ ਮੰਤਰੀ

image


ਬਾਲਾ ਸਾਹਬ ਠਾਕਰੇ ਨੂੰ  ਯਾਦ ਕਰ ਕੇ ਚੁਕੀ ਸਹੁੰ : ਸ਼ਿੰਦੇ

ਮੁੰਬਈ, 30 ਜੂਨ : ਮਹਾਰਾਸ਼ਟਰ ਵਿਚ ਸਿਆਸੀ ਉਥਲ ਪੁਥਲ ਵਿਚ ਸ਼ਿਵ ਸੈਨਾ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੱਲ ਅਸਤੀਫਾ ਦੇਣ ਤੋਂ ਬਾਅਦ ਅੱਜ ਬਾਗੀ ਵਿਧਾਇਕ ਏਕਨਾਥ ਸ਼ਿੰਦੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ | ਇਸ ਸਮੇਂ ਏਕਨਾਥ ਸ਼ਿੰਦੇ ਨੇ ਕਿਹਾ ਕਿ ਬਾਲਾ ਸਾਹਬ ਠਾਕਰੇ ਨੂੰ  ਯਾਦ ਕਰ ਕੇ ਸਹੁੰ ਚੁੱਕੀ ਹੈ | ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਅਪਣੇ ਆਪ ਨੂੰ  ਮੰਤਰੀ ਮੰਡਲ ਵਿਚੋਂ ਬਾਹਰ ਰਹਿਣ ਦੀ ਗੱਲ ਆਖੀ ਸੀ | ਜੇ.ਪੀ. ਨੱਡਾ ਅਤੇ ਅਮਿਤ ਸ਼ਾਹ ਨੇ ਫੜਨਵੀਸ ਦੇ ਮੰਤਰੀ ਮੰਡਲ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ |
ਇਸ ਤੋਂ ਪਹਿਲਾਂ ਮਹਾਰਾਸ਼ਟਰ 'ਚ ਸ਼ਿਵ ਸੈਨਾ ਦੇ ਬਾਗੀ ਨੇਤਾ ਏਕਨਾਥ ਸ਼ਿੰਦੇ ਵੀਰਵਾਰ ਦੁਪਹਿਰ ਗੋਆ ਤੋਂ ਮੁੰਬਈ ਪਹੁੰਚੇ | ਉਨ੍ਹਾਂ ਨੇ ਭਾਜਪਾ ਦੇ ਦੇਵੇਂਦਰ ਫੜਨਵੀਸ ਨਾਲ ਦਖਣੀ ਮੁੰਬਈ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ | ਸਮਾਚਾਰ ਏਜੰਸੀ ਪੀ.ਟੀ.ਆਈ ਦੀ ਰਿਪੋਰਟ ਮੁਤਾਬਕ ਦੋਹਾਂ ਨੇਤਾਵਾਂ ਨੇ ਇਕ ਦਿਨ ਪਹਿਲਾਂ ਮਹਾਰਾਸ਼ਟਰ ਵਿਕਾਸ ਅਗਾੜੀ ਦੀ ਸਰਕਾਰ ਡਿੱਗਣ ਤੋਂ ਬਾਅਦ ਸੂਬੇ 'ਚ ਅਗਲੀ ਸਰਕਾਰ ਬਣਾਉਣ 'ਤੇ ਚਰਚਾ ਕੀਤੀ | ਇਸ ਤੋਂ ਬਾਅਦ ਦੋਵੇਂ ਨੇਤਾ ਰਾਜ ਭਵਨ ਪੁੱਜੇ ਅਤੇ ਹਮਾਇਤੀ ਵਿਧਾਇਕਾਂ ਦੀ ਸੂਚੀ ਰਾਜਪਾਲ ਨੂੰ  ਸੌਂਪੀ |
ਭਾਜਪਾ ਨੇ ਕਿਹਾ ਕਿ ਉਸ ਨੂੰ  ਸ਼ਿੰਦੇ ਦੇ ਬਾਗੀ ਧੜੇ ਸਮੇਤ ਕੁੱਲ 170 ਵਿਧਾਇਕਾਂ ਦਾ ਸਮਰਥਨ ਹਾਸਲ ਹੈ | ਏਕਨਾਥ ਸ਼ਿੰਦੇ ਦੇ ਆਉਣ ਤੋਂ ਬਾਅਦ ਮੁੰਬਈ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ | ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਕਿਹਾ ਕਿ ਦੇਵੇਂਦਰ ਫੜਨਵੀਸ ਮੰਤਰੀ ਮੰਡਲ ਵਿਚ ਸ਼ਾਮਲ ਹੋਣਗੇ | ਇਸ ਤੋਂ ਪਹਿਲਾਂ ਦੇਵੇਂਦਰ ਫੜਨਵੀਸ ਨੇ ਕਿਹਾ ਸੀ ਕਿ ਮੈਂ ਸਰਕਾਰ ਵਿਚ ਸ਼ਾਮਲ ਨਹੀਂ ਹੋਵਾਂਗਾ, ਸਰਕਾਰ ਨੂੰ  ਬਾਹਰ ਤੋਂ ਹੀ ਮੇਰਾ ਸਮਰਥਨ ਮਿਲਦਾ ਰਹੇਗਾ |  
ਦੂਜੇ ਪਾਸੇ ਏਕਨਾਥ ਸ਼ਿੰਦੇ ਨੇ ਕਿਹਾ ਕਿ ਗਿਣਤੀ ਦੇ ਆਧਾਰ 'ਤੇ ਫੜਨਵੀਸ ਮੁੱਖ ਮੰਤਰੀ ਬਣ ਸਕਦੇ ਸਨ, ਪਰੰਤੂ ਉਨ੍ਹਾਂ ਨੇ ਅਪਣਾ ਵੱਡਾ ਦਿਲ ਦਿਖਾਉਂਦਿਆਂ ਮੈਨੂੰ ਇਸ ਲਈ ਚੁਣਿਆ, ਇਸ ਲਈ ਮੈਂ ਉਨ੍ਹਾਂ ਦਾ ਧਨਵਾਦ ਕਰਦਾ ਹਾਂ | ਸ਼ਿੰਦੇ ਨੇ ਕਿਹਾ ਕਿ ਨਵੀਂ ਸਰਕਾਰ ਨੂੰ  ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਅਤੇ ਜੇ.ਪੀ. ਨੱਢਾ ਦਾ ਸਮਰਥਨ ਮਿਲੇਗਾ | ਨੱਡਾ ਨੇ ਟਵੀਟ ਕਰ ਕੇ ਕਿਹਾ ਕਿ ਭਾਜਪਾ ਨੇ ਮਹਾਰਾਸ਼ਟਰ ਦੀ ਜਨਤਾ ਦੀ ਭਲਾਈ ਲਈ ਵੱਡੇ ਦਿਲ ਦਾ ਪਰੀਚੈ ਦਿਤਾ ਹੈ ਅਤੇ ਏਕਨਾਥ ਸ਼ਿੰਦੇ ਨੂੰ  ਸਮਰਥਨ
ਦੇਣ ਦਾ ਫ਼ੈਸਲਾ ਕੀਤਾ | ਨੱਡਾ ਨੇ ਸ਼ਿੰਦੇ ਅਤੇ ਫੜਨਵੀਸ ਨੂੰ  ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਸਿੱਧ ਕਰ ਦਿਤਾ ਹੈ ਕਿ ਭਾਜਪਾ ਦੇ ਮਨ ਵਿਚ ਕਦੇ ਮੁੱਖ ਮੰਤਰੀ ਅਹੁਦੇ ਦਾ ਲਾਲਚ ਨਹੀਂ ਸੀ | 2019 ਵਿਚ ਚੋਣਾਂ 'ਚ ਸਪੱਸ਼ਟ ਬਹੁਮਤ ਨਰਿੰਦਰ ਮੋਦੀ ਅਤੇ ਫੜਨਵੀਸ ਨੂੰ  ਮਿਲਿਆ ਸੀ | ਉਧਵ ਠਾਕਰੇ ਨੇ ਮੁੱਖ ਮੰਤਰੀ ਅਹੁਦੇ ਦੇ ਲਾਲਚ ਵਿਚ ਸਾਡਾ ਸਾਥ ਛੱਡ ਦੇ ਵਿਰੋਧੀ ਪਾਰਟੀ ਨਾਲ ਸਰਕਾਰ ਬਣਾਈ ਸੀ |
ਇਕ ਅਧਿਕਾਰੀ ਨੇ ਦਸਿਆ ਕਿ ਪੁਲਿਸ ਦੇ ਸੰਯੁਕਤ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਵਿਸ਼ਵਾਸ ਨਾਂਗਰੇ ਪਾਟਿਲ ਨੇ ਖੁਦ ਘੋੜਸਵਾਰ ਦੀ ਅਗਵਾਈ ਕੀਤੀ, ਜਦੋਂ ਕਿ ਹੋਰ ਪੁਲਿਸ ਅਧਿਕਾਰੀ ਤੇਜ਼ ਆਵਾਜਾਈ ਲਈ ਪੂਰੇ ਰਸਤੇ ਦੀ ਪਹਿਰੇਦਾਰੀ ਕਰਦੇ ਦੇਖੇ ਗਏ | ਸ਼ਿਵ ਸੈਨਾ ਦੇ ਸਮਰਥਕ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਪੈਦਾ ਕਰਨ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ | ਸ਼ਿੰਦੇ ਵੀਰਵਾਰ ਦੁਪਹਿਰ ਨੂੰ  ਚਾਰਟਰਡ ਫਲਾਈਟ ਰਾਹੀਂ ਮੁੰਬਈ ਹਵਾਈ ਅੱਡੇ 'ਤੇ ਉਤਰੇ, ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ  ਦਖਣੀ ਮੁੰਬਈ ਲਿਜਾਇਆ ਗਿਆ | ਸ਼ਿੰਦੇ ਦੇ ਕਾਫਲੇ ਨੂੰ  ਲੰਘਣ ਦੀ ਸਹੂਲਤ ਲਈ ਆਵਾਜਾਈ ਰੋਕ ਦਿਤੀ ਗਈ ਸੀ |     (ਪੀਟੀਆਈ)