ਆਈਐਮਐਫ਼ ਦੇ ਦਬਾਅ ਹੇਠ ਪਾਕਿਸਤਾਨ ’ਚ ਫਿਰ ਵਧੀਆਂ ਤੇਲ ਦੀਆਂ ਕੀਮਤਾਂ

ਏਜੰਸੀ

ਖ਼ਬਰਾਂ, ਪੰਜਾਬ

ਆਈਐਮਐਫ਼ ਦੇ ਦਬਾਅ ਹੇਠ ਪਾਕਿਸਤਾਨ ’ਚ ਫਿਰ ਵਧੀਆਂ ਤੇਲ ਦੀਆਂ ਕੀਮਤਾਂ

image

ਇਸਲਾਮਾਬਾਦ, 1 ਜੁਲਾਈ : ਆਰਥਿਕ ਸੰਕਟ ਦੇ ਵਿਚਕਾਰ ਪਾਕਿਸਤਾਨ ਸਰਕਾਰ ਨੇ 6 ਅਰਬ ਡਾਲਰ ਦੇ ਬੇਲਆਊਟ ਪੈਕੇਜ ਲਈ ਆਈਐਮਐਫ਼ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋਏ ਇਕ ਵਾਰ ਫਿਰ ਪਟਰੌਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਾ ਦਿਤੀਆਂ ਹਨ। ਵੀਰਵਾਰ ਅੱਧੀ ਰਾਤ ਤੋਂ ਸਾਰੇ ਪਟਰੌਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ 14 ਤੋਂ 19 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਹ ਜਾਣਕਾਰੀ ਪਾਕਿਸਤਾਨ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਵਿਚ ਦਿਤੀ ਗਈ ਹੈ।
ਗੁਆਂਢੀ ਦੇਸ਼ ’ਚ ਹੁਣ ਪਟਰੌਲ ਦੀ ਕੀਮਤ 14.85 ਰੁਪਏ ਵਧ ਕੇ 248.74 ਰੁਪਏ ਅਤੇ ਹਾਈ ਸਪੀਡ ਡੀਜ਼ਲ ਦੀ ਕੀਮਤ 13.23 ਰੁਪਏ ਵਧ ਕੇ 276.54 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਮਿੱਟੀ ਦੇ ਤੇਲ ਦੀ ਕੀਮਤ 18.83 ਰੁਪਏ ਵਧ ਕੇ ਪਾਕਿਸਤਾਨੀ 230 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਵਿੱਤ ਮੰਤਰੀ ਮਿਫ਼ਤਾਹ ਇਸਮਾਈਲ ਨੇ ਮੀਡੀਆ ਨੂੰ ਦਸਿਆ ਕਿ ਪਿਛਲੀ ਇਮਰਾਨ ਸਰਕਾਰ ਦੇ ਚਾਰ ਮਹੀਨੇ ਪਹਿਲਾਂ ਹਸਤਾਖ਼ਰ ਕੀਤੇ ਸਮਝੌਤੇ ਤੋਂ ਪਿਛੇ ਹਟਣ ਤੋਂ ਬਾਅਦ ਅੰਤਰਰਾਸ਼ਟਰੀ ਮੁਦਰਾ ਫ਼ੰਡ (ਆਈਐਮਐਫ਼) ਦੇ ਮੁਅੱਤਲ ਪੈਕੇਜ ਨੂੰ ਮੁੜ ਸੁਰਜੀਤ ਕਰਨ ਲਈ ਪਟਰੌਲੀਅਮ ਲੇਵੀ ਲਗਾਉਣੀ ਪਈ ਸੀ। ਜ਼ਿਕਰਯੋਗ ਹੈ ਕਿ ਅਪ੍ਰੈਲ ’ਚ ਸੱਤਾ ’ਚ ਆਉਣ ਤੋਂ ਬਾਅਦ ਸ਼ਾਹਬਾਜ਼ ਸ਼ਰੀਫ਼ ਸਰਕਾਰ ਵਲੋਂ ਪਟਰੌਲੀਅਮ ਪਦਾਰਥਾਂ ’ਚ ਇਹ ਚੌਥਾ ਵਾਧਾ ਹੈ। (ਏਜੰਸੀ)