ਬਾਬੇ ਨਾਨਕ ਦੇ ਚਰਨ ਸੇਵਕਾਂ ਦਾ ਫੁਟਿਆ ਗੁੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਭਾਵੇਂ ਅਪਣੀ ਜ਼ਿੰਦਗੀ ਦਾ ਅੱਧੇ ਤੋਂ ਜ਼ਿਆਦਾ ਸਮਾਂ ਸੰਘਰਸ਼ ਵਿਚ ਹੀ ਬਿਤਾ ਦਿਤਾ...

File Photo

 

ਕੋਟਕਪੂਰਾ (ਗੁਰਿੰਦਰ ਸਿੰਘ) : ਗੁਰੂ ਨਾਨਕ ਪਾਤਸ਼ਾਹ ਜੀ ਦੇ ਅਸਲ ਫ਼ਲਸਫ਼ੇ ਨੂੰ ਦੁਨੀਆਂ ਦੇ ਕੋਨੇ-ਕੋਨੇ ਤਕ ਪਹੁੰਚਾਉਣ ਲਈ ਯਤਨਸ਼ੀਲ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਭਾਵੇਂ ਅਪਣੀ ਜ਼ਿੰਦਗੀ ਦਾ ਅੱਧੇ ਤੋਂ ਜ਼ਿਆਦਾ ਸਮਾਂ ਸੰਘਰਸ਼ ਵਿਚ ਹੀ ਬਿਤਾ ਦਿਤਾ ਅਤੇ ਅਪਣਿਆਂ ਦੇ ਹੀ ਵਿਰੋਧ ਕਾਰਨ ਸ. ਜੋਗਿੰਦਰ ਸਿੰਘ ਨੂੰ ਬਹੁਤ ਮੁਸ਼ਕਲਾਂ, ਸਮੱਸਿਆਵਾਂ, ਚੁਣੌਤੀਆਂ ਅਤੇ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਬਾਬੇ ਨਾਨਕ ਦੀ ਸੋਚ ਦੇ ਸ਼ੁਰੂ ਤੋਂ ਵਿਰੋਧੀ ਰਹੇ ਲੋਕਾਂ ਨੇ ਸਮੇਂ ਸਮੇਂ ਕੋਝੇ ਹੱਥਕੰਡੇ ਅਪਣਾ ਕੇ ‘ਉੱਚਾ ਦਰ..’ ਦਾ’ ਬੇਲੋੜਾ ਵਿਰੋਧ ਕੀਤਾ, ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਗੁਮਰਾਹ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ, ਹਰ ਵਾਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਅਤੇ ਇਸ ਵਾਰ ਵੀ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਸੇਵਕਾਂ ਨੇ ‘‘ਪੀ.ਟੀ.ਸੀ. ਚੈਨਲ’’ ਵਲੋਂ ਫੈਲਾਏ ਜਾ ਰਹੇ ਕੂੜ ਪ੍ਰਚਾਰ ਦਾ ਮੂੰਹ ਭੰਨ ਦੇਣ ਲਈ ਲੱਕ ਬੰਨ੍ਹ ਲਿਆ ਹੈ।

ਏਕਸ ਕੇ ਬਾਰਕ ਦੇ ਕਨਵੀਨਰ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਗਵਰਨਿੰਗ ਕੌਂਸਲ ਮੈਂਬਰ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਨੇ ਦਾਅਵਾ ਕੀਤਾ ਕਿ ਉਹ ਮਾਸਿਕ ਸਪੋਕਸਮੈਨ ਵੇਲੇ ਤੋਂ ਅਰਥਾਤ 1996 ਤੋਂ ਇਸ ਪ੍ਰਵਾਰ ਨਾਲ ਜੁੜਿਆ ਹੋਇਆ ਹੈ, 25 ਲੱਖ ਰੁਪਏ ਤੋਂ ਜ਼ਿਆਦਾ ਰਕਮ ਉਸ ਦੇ ਪ੍ਰਵਾਰ ਦੀ ਮੈਂਬਰਸ਼ਿਪ ਦੇ ਰੂਪ ਵਿਚ ਦਿੱਤੀ ਜਾ ਚੁੱਕੀ ਹੈ। ਸਾਰੇ ਪ੍ਰਵਾਰਕ ਮੈਂਬਰਾਂ ਨੇ ਮੈਂਬਰਸ਼ਿਪ ਹਾਸਲ ਕੀਤੀ, ਲੱਖਾਂ ਰੁਪਏ ਡਬਲ ਮਨੀ ਸਕੀਮ ਵਿਚ ਲਾਏ, ਸਾਰੀ ਰਕਮ ਦੁਗਣੀ ਹੋ ਕੇ ਵਾਪਸ ਮਿਲ ਗਈ, ਹੁਣ ਕੁੱਝ ਰਕਮ ਫ਼ਰੈਂਡਲੀ ਲੋਨ ਦੇ ਤੌਰ ’ਤੇ ਲਾਈ ਗਈ ਹੈ

ਜੋ ਉਨ੍ਹਾਂ ਨੇ ਖ਼ੁਦ ਅਜੇ ਵਾਪਸ ਲੈਣ ਤੋਂ ਮਨ੍ਹਾਂ ਕੀਤਾ ਹੈ। ਉਨ੍ਹਾਂ ਦਸਿਆ ਕਿ ਸ. ਜੋਗਿੰਦਰ ਸਿੰਘ ਨੇ ‘ਉੱਚਾ ਦਰ ਬਾਬੇ ਨਾਨਕ ਦਾ’ ਬਣਾਉਣ ਲਈ ਜਦੋਂ ਵੀ ਕੋਈ ਥਾਂ ਪਸੰਦ ਕੀਤੀ ਤਾਂ ਸਿੱਖ ਸ਼ਕਲਾਂ ਵਾਲੇ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਬੇਲੋੜਾ ਵਿਰੋਧ ਕੀਤਾ, ਲਗਭਗ ਇਕ ਦਹਾਕਾ ਵਿਰੋਧ ਜਾਰੀ ਰਿਹਾ ਪਰ ਆਖ਼ਰ ਥਾਂ ਬਣ ਗਈ, ‘ਉੱਚਾ ਦਰ..’ ਤਿਆਰ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਦੇ ਅਸਲ ਫ਼ਲਸਫ਼ੇ ਦੀ ਖ਼ੁਸ਼ਬੂ ਦੁਨੀਆਂ ਦੇ ਕੋਨੇ ਕੋਨੇ ਤਕ ਪਹੁੰਚਾਉਣ ਦੀ ਰਸਮ ਕਰਨ ਤੋਂ ਪਹਿਲਾਂ ਹੀ ਅਪਣੀਆਂ ਝੂਠ ਦੀਆਂ ਦੁਕਾਨਾਂ ਬੰਦ ਹੋਣ ਦੇ ਖ਼ਤਰੇ ਨੂੰ ਭਾਂਪਦਿਆਂ ਵਿਰੋਧੀਆਂ ਨੇ ਕੋਝੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿਤੇ ਹਨ।

‘ਉੱਚਾ ਦਰ..’ ਦੇ ਮੁੱਖ ਸਰਪ੍ਰਸਤ ਮੈਂਬਰ, ਬਾਬਾ ਫ਼ਰੀਦ ਨਰਸਿੰਗ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਅਤੇ ਨਰਸਿੰਗ ਟਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਉਹ ਇਕ ਲੱਖ ਰੁਪਿਆ ਦੇ ਕੇ ਸਰਪ੍ਰਸਤ ਮੈਂਬਰ ਬਣੇ ਸਨ ਪਰ ਜਦੋਂ ਉਸ ਨੂੰ ਚਾਰ ਲੱਖ ਰੁਪਿਆ ਹੋਰ ਦੇ ਕੇ ਮੁੱਖ ਸਰਪ੍ਰਸਤ ਮੈਂਬਰ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਤਾਂ ਉਨ੍ਹਾਂ ਬਿਲਕੁਲ ਵੀ ਦੇਰ ਨਾ ਲਾਈ ਤੇ ਉਹ ਚਾਰ ਲੱਖ ਰੁਪਿਆ ਹੋਰ ਜਮ੍ਹਾਂ ਕਰਵਾ ਕੇ ਮੁੱਖ ਸਰਪ੍ਰਸਤ ਮੈਂਬਰ ਬਣ ਗਏ ਤੇ ਹੁਣ ਉਨ੍ਹਾਂ ਦੀ ਇੱਛਾ ਗਵਰਨਿੰਗ ਕੌਂਸਲ ਮੈਂਬਰ ਬਣਨ ਦੀ ਹੈ, ਕਿਉਂਕਿ ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸਲ ਫ਼ਲਸਫ਼ਾ ਦੁਨੀਆਂ ਦੇ ਕੋਨੇ ਕੋਨੇ ਤਕ ਪਹੁੰਚਾਉਣ ਅਤੇ ਨਵੀਂ ਪੀੜ੍ਹੀ ਦਾ ਭਵਿੱਖ ਰੁਸ਼ਨਾਉਣ ਦਾ ਸੁਪਨਾ ਦੇਖ ਰਹੇ ਹਨ, ਜੋ ਸ. ਜੋਗਿੰਦਰ ਸਿੰਘ ਸਪੋਕਸਮੈਨ ਪੂਰਾ ਕਰਨ ਲਈ ਯਤਨਸ਼ੀਲ ਹਨ।

ਸੇਵਾਮੁਕਤ ਲੈਕਚਰਾਰ ਹਰਦੀਪ ਸਿੰਘ ਬਰਾੜ ਉਰਫ਼ ਫਿੱਡੂ ਭਲਵਾਨ ਨੇ ਆਖਿਆ ਕਿ ਉਨ੍ਹਾਂ ਇਕ ਲੱਖ ਰੁਪਿਆ ਡਬਲ ਮਨੀ ਸਕੀਮ ਲਈ ਲਾਇਆ ਸੀ, ਜੋ ਦੁਗਣੀ ਰਕਮ ਅਰਥਾਤ 2 ਲੱਖ ਰੁਪਿਆ ਉਸ ਨੂੰ ਮਹਿਜ਼ ਇਕ ਚਿੱਠੀ ਲਿਖਣ ਤੋਂ ਬਾਅਦ ਮਿਲ ਗਿਆ ਤੇ ਸੇਵਾਮੁਕਤ ਸੁਪਰਡੈਂਟ ਸੁਰਿੰਦਰ ਸਿੰਘ ਸਦਿਉੜਾ ਨੇ ਵੀ ਇਹੀ ਗੱਲ ਦੁਹਰਾਉਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ 25 ਹਜ਼ਾਰ ਰੁਪਿਆ ਡਬਲ ਮਨੀ ਸਕੀਮ ਵਿਚ ਲਾਇਆ ਅਤੇ ਜਦੋਂ ਸਮਾਂ ਪੂਰਾ ਹੋਣ ’ਤੇ ਸਪੋਕਸਮੈਨ ਟਰੱਸਟ ਵਲੋਂ ਚਿੱਠੀ ਮਿਲੀ ਕਿ ਤੁਸੀਂ 50 ਹਜ਼ਾਰ ਰੁਪਿਆ ਵਾਪਸ ਲੈਣਾ ਚਾਹੁੰਦੇ ਹੋ ਤਾਂ ਮੈਂ ਉਕਤ ਰਕਮ ਵਾਪਸ ਲੈ ਲਈ, ਨਹੀਂ ਤਾਂ ਮੈਂ ਉਕਤ ਰਕਮ ਨੂੰ ਭੁਲਾ ਚੁੱਕਾ ਸੀ। 

ਮਾਤਾ ਖੀਵੀ ਲੰਗਰ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ ਨੇ ਆਖਿਆ ਕਿ ਸ. ਜੋਗਿੰਦਰ ਸਿੰਘ ਸਪੋਕਸਮੈਨ ਵਰਗੇ ਦਿ੍ਰੜ ਇਰਾਦੇ ਵਾਲੇ ਇਨਸਾਨ ਪ੍ਰਮਾਤਮਾ ਵਲੋਂ ਕਦੇ ਕਦੇ ਹੀ ਧਰਤੀ ’ਤੇ ਭੇਜੇ ਜਾਂਦੇ ਹਨ। ਅਜਿਹੇ ਇਨਸਾਨਾਂ ਦਾ ਵਿਰੋਧ ਹੋਣਾ ਸਮਝ ਤੋਂ ਬਾਹਰ ਦੀ ਗੱਲ ਹੈ ਕਿਉਂਕਿ ਸ. ਜੋਗਿੰਦਰ ਸਿੰਘ ਨੇ ਅਪਣਾ ਖ਼ੁਦ ਦਾ ਮਕਾਨ ਨਹੀਂ ਬਣਾਇਆ, ਅਜੇ ਤਕ ਉਹ ਖ਼ੁਦ ਕਿਰਾਏ ਦੇ ਮਕਾਨਾਂ ਵਿਚ ਜੀਵਨ ਬਸਰ ਕਰ ਰਿਹਾ ਹੈ ਪਰ ਫਿਰ ਵੀ ਗੁਰੂ ਨਾਨਕ ਨਾਮਲੇਵਾ ਪ੍ਰਾਣੀਆਂ ਲਈ 100 ਕਰੋੜ ਰੁਪਏ ਦਾ ਪ੍ਰਾਜੈਕਟ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਰੂਪ ਵਿਚ ਸਮੁੱਚੀ ਮਨੁੱਖਤਾ ਨੂੰ ਅਰਪਨ ਕਰਨ ਦੀ ਦਲੇਰੀ ਦਿਖਾ ਰਿਹਾ ਹੈ ਤੇ ਹੁਣ ਉਸ ਦਾ ਵਿਰੋਧ ਕਰਨ ਵਾਲੀ ਗੱਲ ਵਿਰੋਧੀਆਂ ਨੂੰ ਸ਼ੋਭਾ ਨਹੀਂ ਦਿੰਦੀ। ਅੰਤ ਵਿਚ ਸਾਰਿਆਂ ਨੇ ਦਾਅਵਾ ਕੀਤਾ ਕਿ ਸਪੋਕਸਮੈਨ ਟਰੱਸਟ ਨੇ ਐਨੀਆਂ ਮੁਸੀਬਤਾਂ ਦੇ ਬਾਵਜੂਦ ਵੀ ਇਮਾਨਦਾਰੀ ਦਾ ਪੱਲਾ ਨਹੀਂ ਛਡਿਆ ਅਤੇ ‘ਉੱਚਾ ਦਰ..’ ਦੇ ਰੂਪ ਵਿਚ ਤਿਆਰ ਕੀਤੀਆਂ ਜਾ ਰਹੀਆਂ ਇਤਿਹਾਸਕ ਇਮਾਰਤਾਂ ਜਿਥੇ ਨਵੀਂ ਪੀੜ੍ਹੀ ਲਈ ਪੇ੍ਰਰਨਾ ਸਰੋਤ ਹੋਣਗੀਆਂ ਅਤੇ ਮਾਰਗ ਦਰਸ਼ਕ ਦੇ ਤੌਰ ’ਤੇ ਰੋਲ ਨਿਭਾਉਣਗੀਆਂ, ਉਥੇ ਸਮੁੱਚੀ ਮਨੁੱਖਤਾ ਨੂੰ ਇਸ ਦਾ ਫ਼ਾਇਦਾ ਮਿਲਣਾ ਵੀ ਸੁਭਾਵਕ ਹੈ।