Taran Taran News : ਇੰਗਲੈਂਡ ’ਚ ਫਸਿਆ ਪੰਜਾਬੀ ਨੌਜਵਾਨ , ਟਰੈਵਲ ਏਜੰਟ ਖ਼ਿਲਾਫ਼ ਠੱਗੀ ਦਾ ਕੇਸ ਦਰਜ
ਪੀੜਤ ਪਰਿਵਾਰ ਨੇ ਨੌਜਵਾਨ ਨੂੰ ਭਾਰਤ ਲਿਆਉਣ ਲਈ ਮਦਦ ਦੀ ਕੀਤੀ ਅਪੀਲ
Taran Taran News : ਆਏ ਦਿਨ ਵਿਦੇਸ਼ 'ਚ ਫਸੇ ਨੌਜਵਾਨਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਪੱਟੀ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦਾ 20 ਸਾਲਾਂ ਨੌਜਵਾਨ ਤੁਸ਼ਾਰ ਤੇਜੀ ਪਰਿਵਾਰ ਦੇ ਚੰਗੇ ਭਵਿੱਖ ਖਾਤਿਰ ਜਨਵਰੀ 'ਚ ਵਰਕ ਪਰਮਿਟ ’ਤੇ ਇੰਗਲੈਂਡ ਗਿਆ ਸੀ ਪਰ ਗਲਤ ਦਸਤਾਵੇਜ਼ਾਂ ਕਰਕੇ ਉਹ ਉੱਥੇ ਹੀ ਫਸ ਕੇ ਰਹਿ ਗਿਆ।
ਜਾਣਕਾਰੀ ਅਨੁਸਾਰ ਤੁਸ਼ਾਰ ਤੇਜੀ ਪਿਛਲੇ 6 ਮਹੀਨਿਆਂ ਤੋਂ ਇੰਗਲੈਂਡ ’ਚ ਫਸਿਆ ਹੋਇਆ ਹੈ। ਜਿਸ ਤੋਂ ਬਾਅਦ ਹੁਣ ਤੁਸ਼ਾਰ ਤੇਜੀ ਦੇ ਵੱਡੇ ਭਰਾ ਦਿਵਿਆਂਸ਼ੂ ਦੀ ਸ਼ਿਕਾਇਤ ’ਤੇ ਤਰਨ ਤਾਰਨ ਦੇ ਇੱਕ ਟਰੈਵਲ ਏਜੰਟ ਖ਼ਿਲਾਫ਼ ਪੱਟੀ ਦੇ ਨੌਜਵਾਨ ਨਾਲ ਠੱਗੀ ਮਾਰਨ ਦੇ ਆਰੋਪ 'ਚ ਕੇਸ ਦਰਜ ਕੀਤਾ ਗਿਆ ਹੈ। ਪਰਿਵਾਰ ਦਾ ਆਰੋਪ ਹੈ ਕਿ ਟਰੈਵਲ ਏਜੰਟ ਨੇ ਵਰਕ ਪਰਮਿਟ ਦੇ ਨਾਮ 'ਤੇ ਕ਼ਰੀਬ 22 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਬੱਸ ਅੱਡੇ ਨੇੜੇ ਸਿਟੀ ਸੈਂਟਰ ਮਾਰਕੀਟ ਅੰਦਰ ‘ਸਵਪਨਿਲ ਹਾਈਟੈੱਕ ਐਜੂਕਾਨ’ ਨਾਂ ਹੇਠ ਟਰੈਵਲ ਏਜੰਸੀ ਚਲਾਉਣ ਵਾਲੀ ਜਸਮੀਤ ਕੌਰ ਖ਼ਿਲਾਫ਼ ਗਲਤ ਦਸਤਾਵੇਜ਼ਾਂ ਦੇ ਆਧਾਰ ’ਤੇ ਇਸ ਨੌਜਵਾਨ ਨੂੰ ਇੰਗਲੈਂਡ ਭੇਜਣ ਵਿਰੁੱਧ ਥਾਣਾ ਸਿਟੀ ਪੱਟੀ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਹ ਕਾਰਵਾਈ ਤੁਸ਼ਾਰ ਤੇਜੀ ਦੇ ਵੱਡੇ ਭਰਾ ਦਿਵਿਆਂਸ਼ੂ ਦੀ ਸ਼ਿਕਾਇਤ ’ਤੇ ਕੀਤੀ ਹੈ।
ਦਿਵਿਆਂਸ਼ੂ ਨੇ ਦੱਸਿਆ ਕਿ ਜਸਮੀਤ ਕੌਰ ਨੇ ਉਸ ਦੇ ਭਰਾ ਨੂੰ ਵਰਕ ਪਰਮਿਟ ’ਤੇ ਇੰਗਲੈਂਡ ਭੇਜਣ ਲਈ ਉਨ੍ਹਾਂ ਕੋਲੋਂ 21.70 ਲੱਖ ਰੁਪਏ ਲਏ ਸਨ। ਇਸੇ ਸਾਲ 10 ਜਨਵਰੀ ਨੂੰ ਤੁਸ਼ਾਰ ਇੰਗਲੈਂਡ ਗਿਆ ਸੀ ਪਰ ਹਵਾਈ ਅੱਡੇ ’ਤੇ ਜਦੋਂ ਇਮੀਗ੍ਰੇਸ਼ਨ ਤੇ ਉੱਥੋਂ ਦੀ ਬਾਰਡਰ ਰੇਂਜ ਫੋਰਸ ਨੇ ਤੁਸ਼ਾਰ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪਰਿਵਾਰ ਨੇ ਇੱਥੋਂ ਦੋ ਲੱਖ ਰੁਪਏ ਭੇਜੇ ਤੇ ਤੁਸ਼ਾਰ ਨੂੰ ਵਕੀਲ ਕਰ ਕੇ ਦਿੱਤਾ, ਜਿਸ ਨੇ ਉਸ ਨੂੰ ਹਵਾਈ ਅੱਡੇ ਤੋਂ ਤਾਂ ਜ਼ਮਾਨਤ ’ਤੇ ਰਿਹਾਅ ਕਰਵਾ ਦਿੱਤਾ ਪਰ ਉਸ ਨੂੰ ਉੱਥੇ ਇਕ ਕਮਰੇ ਅੰਦਰ ਬੰਦ ਰਹਿਣ ਦੀ ਹਦਾਇਤ ਕੀਤੀ ਗਈ ਹੈ ਅਤੇ ਇਸ ਦੀ ਉਲੰਘਣਾ ਕਰਨ ’ਤੇ ਗ੍ਰਿਫ਼ਤਾਰ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਤੁਸ਼ਾਰ ਦੇ ਪਾਸਪੋਰਟ ਸਮੇਤ ਉਸ ਦੇ ਸਾਰੇ ਦਸਤਾਵੇਜ਼ ਇਮੀਗ੍ਰੇਸ਼ਨ ਦੇ ਕਬਜ਼ੇ ਵਿੱਚ ਹਨ। ਪੀੜਤ ਪਰਿਵਾਰ ਨੇ ਸਰਕਾਰ ਤੋਂ ਤੁਸ਼ਾਰ ਨੂੰ ਭਾਰਤ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।