ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਅਤੇ ਕਿਨਾਰਿਆਂ ਤੇ ਘੁੰਮਣ 'ਤੇ ਪੂਰਨ ਪਾਬੰਦੀ
ਸਤਲੁਜ ਦਰਿਆ ਸਮੇਤ ਨਹਿਰਾਂ ਤੇ ਸੂਇਆ ਵਿੱਚ ਨਹਾਉਣ ਉੱਤੇ ਪਾਬੰਦੀ ਲਗਾਈ ਗਈ ਹੈ।
ਰੂਪਨਗਰ: ਉੱਤਰੀ ਭਾਰਤ ਵਿੱਚ ਮਾਨਸੂਨ ਆਉਂਦੇ ਸਾਰ ਹੀ ਭਾਰੀ ਮੀਂਹ ਪੈਣੇ ਸ਼ੁਰੂ ਹੋ ਗਏ ਹਨ। ਹਿਮਾਚਲ, ਪੰਜਾਬ ਤੇ ਹਰਿਆਣਾ ਵਿੱਚ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਮੀਂਹ ਪੈਣ ਕਰਕੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਜਾ ਰਿਹਾ ਹੈ। ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਰੂਪਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਵਰਜੀਤ ਵਾਲੀਆ ਵੱਲੋਂ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਆਉਂਦੇ ਸਤਲੁਜ ਦਰਿਆ ਤੇ ਹੋਰ ਸਾਰੀਆਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਬੱਚਿਆਂ ਅਤੇ ਆਮ ਵਿਅਕਤੀਆਂ ਦੇ ਨਹਾਉਣ 'ਤੇ ਅਤੇ ਇਨ੍ਹਾਂ ਦੇ ਕਿਨਾਰਿਆਂ ਦੇ ਘੁੰਮਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਵਰਜੀਤ ਵਾਲੀਆ ਨੇ ਦੱਸਿਆ ਕਿ ਗਰਮੀ ਅਤੇ ਮਾਨਸੂਨ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਾਰਨ ਕਈ ਬੱਚੇ ਅਤੇ ਆਮ ਵਿਅਕਤੀ ਗਰਮੀ ਦੀ ਮਾਰ ਤੋਂ ਬਚਣ ਲਈ ਆਪਣੇ ਨੇੜੇ ਪੈਂਦੇ ਸਤਲੁਜ ਦਰਿਆ/ ਦੂਸਰੀਆਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ/ਤੈਰਨ ਲਈ ਚਲੇ ਜਾਂਦੇ ਹਨ, ਪ੍ਰੰਤੂ ਜਿਵੇਂ ਕਿ ਅੱਜ ਕੱਲ੍ਹ ਪਹਾੜਾਂ ਉੱਪਰ ਬਹੁਤ ਬਰਸਾਤ ਹੋ ਰਹੀ ਹੈ, ਪਾਣੀ ਤੇਜ਼ੀ ਨਾਲ ਭਾਖੜਾ ਡੈਮ ਵਿੱਚ ਆ ਰਿਹਾ ਹੈ, ਜਿਸ ਕਾਰਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਭਾਖੜਾ ਬਿਆਸ ਮੈਨੈਜਮੈਂਟ ਬੋਰਡ ਵੱਲੋਂ ਵੀ ਸਤਲੁਜ ਦਰਿਆ/ਨਹਿਰਾਂ ਵਿੱਚ ਪਾਣੀ ਛੱਡਿਆ ਜਾਂਦਾ ਹੈ। ਇਸ ਕਾਰਨ ਆਮ ਪਬਲਿਕ ਨੂੰ ਪਤਾ ਨਹੀਂ ਚੱਲਦਾ ਕਿ ਕਿਸ ਸਮੇਂ ਦਰਿਆ/ਨਹਿਰਾਂ/ਨਦੀਆਂ ਅਤੇ ਸੂਇਆਂ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਜਾਂਦਾ ਹੈ ਜਾਂ ਕਈਆਂ ਨੂੰ ਪਾਣੀ ਡੂੰਘੇ ਹੋਣ ਦਾ ਗਿਆਨ ਨਹੀਂ ਹੁੰਦਾ। ਜਿਸ ਕਾਰਨ ਉਨ੍ਹਾਂ ਦਾ ਸੰਭਲਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਡੁੱਬ ਕੇ ਮੌਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਇਸ ਲਈ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਆਉਂਦੇ ਸਤਲੁਜ ਦਰਿਆ/ਹੋਰ ਸਾਰੀਆਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਬੱਚੇ ਅਤੇ ਆਮ ਵਿਅਕਤੀਆਂ ਦੇ ਨਹਾਉਣ ਅਤੇ ਇਨ੍ਹਾਂ ਦੇ ਕਿਨਾਰਿਆਂ ਦੇ ਘੁੰਮਣ 'ਤੇ ਧਾਰਾ 163 ਦੇ ਅਧੀਨ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਂਦੀ ਹੈ। ਇਹ ਹੁਕਮ 30 ਅਗਸਤ 2025 ਤੱਕ ਲਾਗੂ ਰਹਿਣਗੇ।