ਫ਼ੀਸ ਮਾਮਲਾ: ਡਬਲ ਬੈਂਚ ਨੇ ਪਹਿਲਾਂ ਵਾਲਾ ਫ਼ੈਸਲਾ ਬਰਕਰਾਰ ਰਖਿਆ ਤਾਂ ਕੈਬਨਿਟ ‘ਚ ਲਵਾਂਗੇ ਲੋਕਪੱਖੀ....

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਕੂਲ ਵਿਦਿਆਰਥੀ ਪਾਸੋਂ ਲੇਟ ਫ਼ੀਸ ਵੀ ਨਹੀਂ ਵਸੂਲ ਸਕਣਗੇ

File Photo

ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ  (ਦਰਸ਼ਨ ਸਿੰਘ ਚੌਹਾਨ) : ਪੰਜਾਬ ਦੇ ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਅਦਾਲਤ ਦੇ ਡਬਲ ਬੈਂਚ ਨੇ ਸਕੂਲ ਫ਼ੀਸ ਮਾਮਲੇ ਵਿਚ ਸਿੰਗਲ ਬੈਂਚ ਦਾ ਫ਼ੈਸਲਾ ਕਾਇਮ ਰਖਿਆ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਕੈਬਨਿਟ ਵਿਚ ਲੋਕਪੱਖੀ ਫ਼ੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ਅਦਾਲਤ ਵਿਚ ਸਰਕਾਰ ਦੇ ਵਕੀਲਾਂ ਦਾ ਪੈਨਲ ਫ਼ੀਸ ਮਾਮਲੇ ਵਿਚ ਜ਼ੋਰਦਾਰ ਪੈਰਵੀ ਕਰ ਰਿਹਾ ਹੈ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਕੈਪਟਨ ਸਰਕਾਰ ਸਕੂਲ ਫ਼ੀਸ ਮਾਮਲੇ ਵਿਚ ਰਾਜ ਦੇ ਲੋਕਾਂ ਨਾਲ ਚਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਈ ਕੋਰਟ ਦੇ ਡਬਲ ਬੈਂਚ ਨੇ ਸਿੰਗਲ ਬੈਂਚ ਦੇ ਫ਼ੈਸਲੇ ਨੂੰ ਬਰਕਰਾਰ ਰਖਿਆ ਤਾਂ ਸਰਕਾਰ ਕੈਬਨਿਟ ਵਿਚ ਲੋਕਪੱਖੀ ਫ਼ੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ਜਬਰੀ ਫ਼ੀਸ ਵਸੂਲਣ ਵਾਲੇ ਸਕੂਲਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਸਰਕਾਰ ਨੇ ਸਕੂਲ ਫ਼ੀਸ ਮਾਮਲੇ ਵਿਚ ਅਪਣੇ ਇਰਾਦੇ ਸਪਸ਼ਟ ਕਰ ਦਿਤੇ ਹਨ ਅਤੇ ਅਦਾਲਤ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ।  

ਉਨ੍ਹਾਂ ਸਖ਼ਤ ਲਹਿਜੇ ਵਿਚ ਕਿਹਾ ਕਿ ਸਕੂਲ ਵਿਦਿਆਰਥੀ ਪਾਸੋਂ ਲੇਟ ਫ਼ੀਸ ਵੀ ਨਹੀਂ ਵਸੂਲ ਸਕਣਗੇ ਅਤੇ ਜੇਕਰ ਕੋਈ ਸਕੂਲ ਵਿਦਿਆਰਥੀ ਦਾ ਨਾਮ ਕਟਦਾ ਹੈ ਤਾਂ ਇਸਦੀ ਸ਼ਿਕਾਇਤ ਜ਼ਿਲ੍ਹਾ ਸਿਖਿਆ ਅਫ਼ਸਰ ਕੋਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲਾਜ਼ਮੀ ਤੌਰ 'ਤੇ ਅਜਿਹਾ ਕਰਨ ਵਾਲੇ ਵਿਰੁਧ ਕਾਰਵਾਈ ਕੀਤੀ ਜਾਵੇਗੀ। ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਸਰਕਾਰ ਰਾਜ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਚੋਣ ਵਾਅਦੇ ਮੁਤਾਬਕ ਜਲਦੀ ਹੀ ਨੌਜਵਾਨਾਂ ਨੂੰ ਸਮਾਰਟ ਫ਼ੋਨ ਦਿਤੇ ਜਾਣਗੇ।

ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਬੰਦ ਹੋਏ ਰੁਜ਼ਗਾਰ ਮੇਲੇ ਮੁੜ ਸ਼ੁਰੂ ਕਰ ਕੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਹਲਕਾ ਇੰਚਾਰਜ਼ ਦਾਮਨ ਥਿੰਦ ਬਾਜਵਾ, ਹਰਮਨਦੇਵ ਸਿੰਘ ਬਾਜਵਾ, ਮਨਪ੍ਰੀਤ ਸਿੰਘ ਮਨੀ ਵੜੈਚ,  ਬਲਵਿੰਦਰ ਸਿੰਘ ਧਾਲੀਵਾਲ, ਮਨਪ੍ਰੀਤ ਬਾਂਸਲ, ਪਰਮਾਨੰਦ ਕਾਂਸਲ ਆਦਿ ਹਾਜ਼ਰ ਸਨ ।