ਸ਼ਹੀਦਾਂ ਦੇ ਵਾਰਸ ਧੁੱਪ 'ਚ ਦਿੰਦੇ ਰਹੇ ਸੜਕ 'ਤੇ ਧਰਨਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹੀਦਾਂ ਦੇ ਵਾਰਸਾਂ ਦੇ ਪਰਵਾਰਾਂ ਨੂੰ ਸਹੂਲਤਾਂ ਦੇਣ ਨੂੰ ਨਜ਼ਰ ਅੰਦਾਜ਼ ਕਰਨ ਦਾ ਲਾਇਆ ਦੋਸ਼

File Photo

ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ (ਦਰਸ਼ਨ ਸਿੰਘ ਚੌਹਾਨ) : ਜੰਗ-ਏ-ਆਜ਼ਾਦੀ ਦੇ ਮਹਾਨ ਸਪੂਤ  ਸ਼ਹੀਦ ਊਧਮ ਸਿੰਘ ਦੇ 81ਵੇਂ ਸ਼ਹੀਦੀ ਦਿਹਾੜੇ ਮੌਕੇ ਸੂਬਾ ਸਰਕਾਰ ਦੇ ਨੁਮਾਇੰਦੇ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਪਤਵੰਤੇ ਆਗੂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਯਾਦਗਾਰ ਸਥਾਨਾਂ ਉੱਤੇ ਪੁੱਜਦੇ ਰਹੇ ਜਦਕਿ ਸ਼ਹੀਦਾਂ ਦੇ ਵਾਰਸਾਂ ਦੀ ਜਥੇਬੰਦੀ ਫ਼ਰੀਡਮ ਫ਼ਾਈਟਰਜ਼ ਦੇ ਅਧਿਕਾਰੀ ਅਪਣੀਆਂ ਮੰਗਾਂ ਨੂੰ ਲੈ ਕੇ ਹੁੰਮਸ ਭਰੀ ਗਰਮੀ ਵਿਚ ਸੜਕਾਂ ਉਪਰ ਆ ਕੇ ਧਰਨਾ ਦਿੰਦੇ ਰਹੇ। ਸ਼ਹੀਦਾਂ ਦੇ ਵਾਰਸਾਂ ਦੇ ਰੋਹ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਥੇਬੰਦੀ ਦੇ ਅੱਠ ਮੈਂਬਰ ਪੁਲਿਸ ਨੂੰ ਝਕਾਨੀ ਦੇ ਕੇ ਸਰਕਾਰੀ ਆਈਟੀਆਈ ਦੇ ਨੇੜਲੀ ਪਾਣੀ ਵਾਲੀ ਟੈਂਕੀ ਉੱਤੇ ਜਾ ਚੜ੍ਹੇ ਅਤੇ ਹੁਣ ਤਕ ਦੀਆਂ ਸਰਕਾਰਾਂ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਸ਼ਹੀਦਾਂ ਦੇ ਵਾਰਸਾਂ ਦੀ ਜਥੇਬੰਦੀ ਦੇ ਸੈਂਕੜੇ ਕਾਰਕੁਨਾਂ ਨੇ ਇਥੇ ਸੁਨਾਮ-ਪਟਿਆਲਾ ਮੁੱਖ ਸੜਕ ਉਪਰ ਆਵਾਜਾਈ ਠੱਪ ਕਰ ਕੇ ਸਿਆਸੀ ਆਗੂਆਂ ਦੀ ਨੀਯਤ ਅਤੇ ਨੀਤੀ ਉਪਰ ਸਵਾਲ ਚੁੱਕੇ।

ਪ੍ਰਦਰਸ਼ਨਕਾਰੀਆਂ ਨੇ ਇਥੇ ਪੁੱਜੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ  ਬਾਦਲ, ਕੈਬਿਨਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਾਬਕਾ ਵਿੱਤ ਮੰਤਰੀ  ਪਰਮਿੰਦਰ ਸਿੰਘ ਢੀਂਡਸਾ ਦੇ ਸਨਮੁੱਖ ਅਪਣੀਆਂ ਮੰਗਾਂ ਰਖ ਕੇ ਰੋਸ ਪ੍ਰਗਟ ਕੀਤਾ। ਫ਼ਰੀਡਮ ਫ਼ਾਈਟਰ ਉਤਰਾਧਿਕਾਰੀ ਜਥੇਬੰਦੀ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਖ਼ਾਲਸਾ ਨੇ ਕਿਹਾ ਕਿ ਸੂਬੇ ਅੰਦਰ ਸਮੇਂ-ਸਮੇਂ ਦੀਆਂ ਸਰਕਾਰਾਂ ਸ਼ਹੀਦਾਂ  ਦੇ ਵਾਰਸਾਂ ਦੇ ਪਰਵਾਰਾਂ ਨੂੰ ਸਹੂਲਤਾਂ ਦੇਣ ਨੂੰ ਨਜ਼ਰ ਅੰਦਾਜ਼ ਕਰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸ਼ਹੀਦਾਂ ਦੇ ਵਾਰਸਾਂ ਦੀਆਂ ਮੰਗਾਂ ਨੂੰ ਤੁਰਤ ਲਾਗੂ ਕਰਨ ਨੂੰ ਯਕੀਨੀ ਬਣਾਵੇ। ਇਸ ਮੌਕੇ ਕੁੱਲ ਹਿੰਦ ਯੂਥ ਕਾਂਗਰਸ ਦੀ ਸਕੱਤਰ ਅਤੇ ਹਲਕਾ ਇੰਚਾਰਜ਼ ਦਾਮਨ ਥਿੰਦ ਬਾਜਵਾ, ਹਰਮਨ ਬਾਜਵਾ,  ਡੀਸੀ ਰਾਮਵੀਰ ਅਤੇ ਐਸਡੀਐਮ ਮਨਜੀਤ ਕੌਰ ਦੇ ਭਰੋਸੇ  ਦੇ ਬਾਅਦ ਸ਼ਹੀਦਾਂ ਦੇ ਵਾਰਸਾਂ ਨੇ ਅੰਦੋਲਨ ਖ਼ਤਮ ਕਰ ਦਿਤਾ। ਉਨ੍ਹਾਂ ਅਗਲੇ ਹਫ਼ਤੇ ਸੰਸਥਾ ਦੀ ਮੀਟਿੰਗ ਸਰਕਾਰ ਨਾਲ ਕਰਵਾਉਣ ਦਾ ਭਰੋਸਾ ਦਿਤਾ ।