ਪੰਜਾਬ ਵਿਚ 24 ਘੰਟੇ ਵਿਚ ਕੋਰੋਨਾ ਨਾਲ 16 ਹੋਰ ਮੌਤਾਂ,700 ਨਵੇਂ ਮਾਮਲੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣੇ ਵਿਚ ਇਕੋ ਦਿਨ ਆਏ 248 ਮਰੀਜ਼

Covid 19

ਚੰਡੀਗੜ੍ਹ, 31 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਦੇ ਕਹਿਰ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਰਹਿਣ ਦੇ ਨਾਲ-ਨਾਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਅੱਜ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 700 ਦੇ ਨੇੜੇ ਪਹੁੰਚ ਗਈ ਹੈ, ਜੋ ਅੰਕੜਾ ਕੁਝ ਦਿਨਾਂ ਤੋਂ 500 ਤੋਂ 600 ਦੇ ਆਸ-ਪਾਸ ਚਲ ਰਿਹਾ ਸੀ। 24 ਘੰਟਿਆਂ ਦੇ ਸਮੇਂ ਦੌਰਾਨ 16 ਹੋਰ ਮੌਤਾਂ ਹੋਈਆਂ ਹਨ। ਇਨ੍ਹਾਂ ਵਿਚ ਲੁਧਿਆਣਾ ਨਾਲ ਸਬੰਧਤ ਛੇ, ਅੰਮ੍ਰਿਤਸਰ ਨਾਲ ਤਿੰਨ, ਬਰਨਾਲਾ ਤੇ ਪਟਿਆਲਾ ਦੋ ਅਤੇ ਜਲੰਧਰ ਤੇ ਕਪੂਰਥਲਾ ਨਾਲ ਸਬੰਧਤ ਇਕ-ਇਕ ਮਾਮਲਾ ਹੈ।

ਲੁਧਿਆਣਾ ਜ਼ਿਲ੍ਹੇ ਵਿਚ ਮੌਤਾਂ ਦੀ ਗਿਣਤੀ ਲਗਾਤਾਰ ਵਧੀ ਹੈ ਤੇ ਇਸ ਸਮੇਂ ਇਥੇ 89 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਵਿਚ 79 ਮੌਤਾਂ ਹੋਈਆਂ ਹਨ। ਲੁਧਿਆਣਾ ਪਾਜ਼ੇਟਿਵ ਕੇਸਾਂ ਵਿਚ ਸੱਭ ਤੋਂ ਉਪਰ ਹੈ ਜਿਥੇ ਹੁਣ ਤਕ 3211 ਪਾਜ਼ੇਟਿਵ ਮਾਮਲੇ ਦਰਜ ਹੋਏ ਹਨ। ਜਲੰਧਰ 2249 ਮਾਮਲਿਆਂ ਨਾਲ ਦੂਜੀ ਥਾਂ ਉਤੇ ਹੈ। ਇਸ ਸਮੇਂ ਕੋਈ ਵੀ ਅਜਿਹਾ ਜ਼ਿਲ੍ਹਾ ਨਹੀਂ ਜਿਥੇ ਅੰਕੜਾ 100 ਤੋਂ ਘੱਟ ਹੋਵੇ। ਇਸ ਸਮੇਂ ਸੱਭ ਤੋਂ ਘੱਟ ਪਾਜ਼ੇਟਿਵ ਅੰਕੜਾ 112 ਜ਼ਿਲ੍ਹਾ ਮਾਨਸਾ ਦਾ ਹੈ। ਅੱਜ ਲੁਧਿਆਣਾ ਵਿਚ 248 ਤੇ ਪਟਿਆਲਾ ਵਿਚ 136 ਮਾਮਲਿਆਂ ਨਾਲ ਵੱਡੇ ਕੋਰੋਨਾ ਬਲਾਸਟ ਹੋਏ ਹਨ। 10734 ਮਰੀਜ਼ ਠੀਕ ਹੋਏ ਹਨ। ਇਲਾਜ ਅਧੀਨ ਮਰੀਜ਼ਾਂ ਵਿਚੋਂ 145 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਵਿਚੋਂ 10 ਵੈਂਟੀਲੇਟਰ ਉਤੇ ਹਨ।