ਕਾਰਗਿਲ ਸ਼ਹੀਦ ਨਿਰਮਲ ਸਿੰਘ ਦੀ ਨਰਕ ਭੋਗ ਰਹੀ ਮਾਤਾ ਦੇ ਅੱਥਰੂ ਪੂੰਝਣ ਲਈ ਫ਼ਰਿਸ਼ਤਾ ਬਣ ਕੇ ਪਹੁੰਚਿਆ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹੀਦ ਦੇ ਪਰਵਾਰ ਦਾ ਰੁਲਣਾ ਮੌਜੂਦਾ ਸਰਕਾਰਾਂ ਦੇ ਦਾਮਨ ਉਤੇ ਬਦਨੁਮਾ ਦਾਗ਼

File Photo

ਸੰਗਰੂਰ, 31 ਜੁਲਾਈ (ਬਲਵਿੰਦਰ ਸਿੰਘ ਭੁੱਲਰ): ਮਾਨਸਾ ਜ਼ਿਲ੍ਹੇ ਦੇ ਪਿੰਡ ਕੁਸ਼ਲਾ ਦੇ ਫ਼ੌਜੀ ਨੌਜਵਾਨ ਨਿਰਮਲ ਸਿੰਘ ਵਲੋਂ ਫ਼ੌਜ ਦੀ ਨੌਕਰੀ ਦੌਰਾਨ ਜੰਮੂ ਕਸ਼ਮੀਰ ਦੇ ਬਰਫ਼ਾਂ ਲੱਦੇ ਪਹਾੜੀ ਪਰਬਤੀ ਖੇਤਰ ਕਾਰਗਿਲ ਵਿਚ ਸ਼ਹੀਦੀ ਪ੍ਰਾਪਤ ਕਰਨ ਉਪਰੰਤ ਉਸ ਦੀ ਪਿੰਡ ਕੁਸ਼ਲਾ ਰਹਿੰਦੀ ਵਿਧਵਾ ਅਤੇ ਬੇਸਹਾਰਾ ਬਜ਼ੁਰਗ ਮਾਤਾ ਜਿਸ ਦੀ ਉਮਰ ਲਗਭਗ 80 ਸਾਲ ਹੈ ਬਹੁਤ ਮਾੜੇ ਹਾਲਾਤਾਂ ਵਿਚ ਦਿਹਾੜੀ ਜੋਤੇ ਕਰ ਕੇ ਦਿਨਕਟੀਆਂ ਕਰ ਰਹੀ ਸੀ ਜਿਸ ਬਾਰੇ ਪ੍ਰੈੱਸ ਰਾਹੀਂ ਜਾਣਕਾਰੀ ਮਿਲਣ ਤੋਂ ਬਾਅਦ ਧੂਰੀ ਇੰਡੇਨ ਗੈਸ ਏਜੰਸੀ ਦੇ ਮੈਨੇਜਿੰਗ ਡਾਇਰੈਕਟਰ ਸ. ਗੁਰਪਾਲ ਸਿੰਘ ਮਾਨ ਇਸ ਬਜ਼ੁਰਗ ਮਾਤਾ ਨੂੰ ਮਿਲਣ ਲਈ ਉਸ ਦੇ ਪਿੰਡ ਕੁਸ਼ਲਾ ਜ਼ਿਲ੍ਹਾ ਮਾਨਸਾ ਪਹੁੰਚੇ।

ਉਨ੍ਹਾਂ ਨੌਜਵਾਨ ਸ਼ਹੀਦ ਨਿਰਮਲ ਸਿੰਘ ਦੀ ਬਜ਼ੁਰਗ ਮਾਤਾ ਨੂੰ ਬਹੁਤ ਨਿਮਰਤਾ ਸਹਿਤ ਨਕਦੀ ਦੇ ਰੂਪ ਵਿਚ ਕਾਫ਼ੀ ਵੱਡੀ ਰਕਮ ਦੀ ਥੈਲੀ ਭੇਂਟ ਕੀਤੀ ਅਤੇ ਉਸ ਦੇ ਘਰ ਦੇ ਹਰ ਤਰ੍ਹਾਂ ਦੇ ਖਰਚੇ, ਰਸੋਈ, ਦਵਾਈ ਬੂਟੀ ਸਮੇਤ ਬਿਜਲੀ ਦਾ ਬਿੱਲ ਭਰਨ ਤਕ ਦਾ ਵਾਅਦਾ ਵੀ ਕੀਤਾ।  ਮਾਨ ਨੇ ਇਸ ਨੇਕ ਕਾਰਜ ਉਪਰੰਤ ਪ੍ਰੈੱਸ ਦੇ ਰੂਬਰੂ ਹੁੰਦਿਆਂ ਕਿਹਾ ਕਿ ਮੈਂ ਵੀ ਫ਼ੌਜ ਵਿਚ ਇਕ ਸਿਪਾਹੀ ਰਿਹਾ ਹਾਂ ਅਤੇ ਮੈਂ ਜੰਗੀ ਸ਼ਹੀਦਾਂ ਦੇ ਪ੍ਰਵਾਰਾਂ ਦੇ ਦੁਖੜੇ ਬਹੁਤ ਨੇੜੇ ਤੋਂ ਵੇਖੇ ਸੁਣੇ ਅਤੇ ਮਹਿਸੂਸ ਕੀਤੇ ਹਨ ਜਿਸ ਦੇ ਚਲਦਿਆਂ ਇਹ ਮੇਰਾ ਪਰਮ ਕਰਤੱਵ, ਅਤੇ ਇਖਲਾਕੀ ਫ਼ਰਜ਼ ਵੀ ਸੀ ਕਿ ਮੈਂ ਵੀ ਇਸ ਸ਼ਹੀਦ ਨੌਜਵਾਨ ਦੀ ਬਜ਼ੁਰਗ ਮਾਤਾ ਦੇ ਕੁੱਝ ਕੰਮ ਆ ਸਕਾਂ ਜਿਨ੍ਹਾਂ ਦੇਸ਼ ਦੀ ਰਾਖੀ ਲਈ ਅਪਣਾ ਪੁੱਤ ਵਾਰਿਆ ਹੈ। ਜ਼ਿਕਰਯੋਗ ਹੈ ਕਿ ਸ.ਗੁਰਪਾਲ ਸਿੰਘ ਮਾਨ ਧੂਰੀ ਸ਼ਹਿਰ ਦੀ ਉਹ ਅਜ਼ੀਮ ਸਖ਼ਸ਼ੀਅਤ ਹੈ, ਜਿਨ੍ਹਾਂ ਸਮਾਜ ਸੇਵਾ ਦੇ ਹਰ ਤਰ੍ਹਾਂ ਦੇ ਖੇਤਰ ਵਿਚ ਲੋੜ ਨਾਲੋਂ ਵੱਧ ਅਤੇ ਮੂਹਰਲੀਆਂ ਸਫ਼ਾਂ ਵਿਚ ਸੱਭ ਤੋਂ ਅੱਗੇ ਰਹਿ ਕੇ ਅਪਣਾ ਬਣਦਾ ਯੋਗਦਾਨ ਪਾਇਆ ਹੈ।