ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਟਾਲਾ 'ਚ ਅੱਧੀ ਦਰਜਨ ਤੋਂ ਵੱਧ ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਹਾਥੀ ਗੇਟ ਅਤੇ ਆਸ-ਪਾਸ ਦੇ ਇਲਾਕਿਆਂ ਦੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ

File Photo

ਬਟਾਲਾ, 31 ਜੁਲਾਈ (ਪਪ) : ਸਥਾਨਕ ਹਾਥੀ ਗੇਟ ਅਤੇ ਆਸ-ਪਾਸ ਦੇ ਇਲਾਕਿਆਂ ਦੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏ.ਡੀ.ਸੀ. ਗੁਰਦਾਸਪੁਰ ਤੇਜਿੰਦਰਪਾਲ ਸਿੰਘ ਸੰਧੂ, ਈ.ਟੀ.ਸੀ.ਓ. ਰਾਜਵਿੰਦਰ ਕੌਰ, ਤਹਿਸੀਲਦਾਰ ਬਟਾਲਾ ਬਲਵਿੰਦਰ ਸਿੰਘ, ਐਸ.ਐਚ.ਓ. ਸਿਟੀ ਮੁਖਤਿਆਰ ਸਿੰਘ, ਐਸ.ਐਚ.ਓ. ਸਿਵਲ ਲਾਈਨ ਪਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਮ੍ਰਿਤਕ ਵਿਅਕਤੀਆਂ ਦੇ ਪਰਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਏ.ਡੀ.ਸੀ. ਗੁਰਦਾਸਪੁਰ ਤੇਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਅਜੇ ਤਕ ਕੁਲ 9 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਕੁਝ ਹਾਥੀ ਗੇਟ ਦੇ ਰਹਿਣ ਵਾਲੇ ਹਨ ਅਤੇ ਕੁਝ ਆਸ-ਪਾਸ ਦੇ ਇਲਾਕਿਆਂ ਦੇ ਹਨ। ਮ੍ਰਿਤਕਾਂ ਦੇ ਪਰਵਾਰਕ ਮੈਂਬਰ ਜੋ ਪੁਲਿਸ ਨੂੰ ਬਿਆਨ ਦਰਜ ਕਰਵਾਉਣਗੇ, ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਦੁੱਖਦਾਈ ਖ਼ਬਰ ਮੀਡੀਆ ਵਿਚ ਆਉਣ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਐਸਐਮਉ ਸੰਜੀਵ ਭੱਲਾ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਉਕਤ ਥਾਵਾਂ 'ਤੇ ਭੇਜੀ ਗਈ। ਦੁਪਹਿਰ ਤਕ ਡਾਕਟਰ ਭੱਲਾ ਨੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ।

ਸਵੇਰੇ ਗਿਆਰਾਂ ਵਜੇ ਦੇ ਬਾਅਦ ਮੋਤਾਂ ਦੀ ਗਿਣਤੀ ਵੱਧਣ ਦੀਆਂ ਖ਼ਬਰਾਂ ਫ਼ੈਲਣ ਨਾਲ ਪ੍ਰਸ਼ਾਸ਼ਨ ਦੀ ਇਕ ਹੋਰ ਟੀਮ ਮਹੁੱਲਾ ਹਾਥੀ ਗੇਟ ਪੁੱਜੀ ਅਤੇ ਉਦੋਂ ਤਕ 6 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ। ਇਸਦੇ ਬਾਅਦ ਗੁਰਦਾਸਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਤਜਿੰਦਰਪਾਲ ਸਿੰਘ ਸੰਧੂ ਵੀ ਬਟਾਲਾ ਪੁੱਜ ਗਏ ਅਤੇ ਉਨ੍ਹਾਂ ਦੇ ਨਾਲ ਐਕਸਸਾਈਜ਼ ਵਿਭਾਗ ਦੀ ਟੀਮ ਵੀ ਸੀ। ਸ਼੍ਰੀ ਸੰਧੂ ਨੇ ਪੱਤਰਕਾਰਾਂ ਨੂੰ ਦਸਿਆ ਕਿ ਅਜੇ ਤਕ 6 ਵਿਅਕਤੀਆਂ ਦੀ ਮੌਤ ਹੋਈ ਹੈ ਜਦੋਂ ਕਿ ਦੋ ਵਿਅਕਤੀ ਅ੍ਰਮ੍ਰਿਤਸਰ ਦੇ ਕਿਸੇ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਨਾਲ ਐਕਸਾਈਜ਼ ਵਿਭਾਗ ਦੀ ਟੀਮ ਵੀ ਆਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਸਬੰਧ ਵਿਚ ਧਾਰਾ 304, 308 ਅਤੇ 61/1/14 ਅਕਸਾਈਜ਼ ਐਕਟ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।

ਅੰਮ੍ਰਿਤਸਰ ਦੇ ਪਿੰਡ ਮੂਛਲ 'ਚ 10 ਬੰਦਿਆਂ ਨੇ ਦਮ ਤੋੜਿਆ, ਦੋ ਦੀ ਹਾਲਤ ਨਾਜ਼ੁਕ- ਅੰਮ੍ਰਿਤਸਰ, 31 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਜੰਡਿਆਲਾ ਗੁਰੂ ਨਜ਼ਦੀਕ ਪ੍ਰਸਿਧ ਪਿੰਡ ਮੁਛਲ 'ਚ ਘਟੀਆ ਸ਼ਰਾਬ ਪੀ ਕੇ 10 ਵਿਅਕਤੀ ਦਮ ਤੋੜ ਗਏ ਅਤੇ ਦੋ ਜਣਿਆਂ ਦੀ ਹਾਲਤ ਨਾਜੁਕ ਹੈ। ਲੋਕਾਂ ਮੁਤਾਬਕ ਨਾਜਾਇਜ਼ ਸ਼ਰਾਬ ਇੰਨੀ ਜ਼ਿਆਦਾ ਵਿੱਕ ਰਹੀ ਹੈ ਕਿ ਇਸ ਦਾ ਵਰਨਣ ਨਹੀਂ ਕੀਤਾ ਜਾ ਸਕਦਾ। ਵੱਡੇ ਲੋਕ ਅੰਗਰੇਜ਼ੀ ਤੇ ਦਰਮਿਆਨੇ ਲੋਕ ਠੇਕੇ ਦੀ ਅਤੇ ਦਿਹਾੜੀਦਾਰ ਨਾਜਾਇਜ਼ ਸ਼ਰਾਬ ਰੋਜ਼ਾਨਾ ਪਂੀਂਦੇ ਹਨ। ਸਭ ਤੋਂ ਜ਼ਿਆਦਾ ਸ਼ਰਾਬ ਪਿੰਡਾਂ ਵਿਚ ਨਿਕਲਦੀ ਹੈ। ਕੀ ਸਰਕਾਰ ਸ਼ਰਾਬ ਬੰਦ ਕਵਾਵੇਗੀ ਜਿਸ ਦੀ ਵਿਕਰੀ ਨਾਲ ਪੰਜਾਬ ਦਾ ਰਾਜਭਾਗ ਚਲਦਾ ਹੈ ? ਭਾਵੇਂ ਮੁਛਲ ਪਿੰਡ ਦੇ ਕਾਂਡ 'ਚ ਐਚਐਸਓ ਮੁਅੱਤਲ ਕਰ ਦਿਤਾ ਹੈ।