ਨਿਹੰਗ ਸਿੰਘਾਂ ਦੇ ਗੜਗੱਜ ਬੋਲਿਆਂ ਦਾ ਕੋਸ਼ ਜਥੇਦਾਰ ਹਰਪ੍ਰੀਤ ਸਿੰਘ ਵਲੋਂ ਲੋਕ ਅਰਪਣ
ਨਿਹੰਗ ਸਿੰਘਾਂ ਦੇ ਗੜਗੱਜ ਬੋਲਿਆਂ ਦਾ ਕੋਸ਼ ਜਥੇਦਾਰ ਹਰਪ੍ਰੀਤ ਸਿੰਘ ਵਲੋਂ ਲੋਕ ਅਰਪਣ
ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਵਲੋਂ ਇਤਿਹਾਸਕ ਕਾਰਜ: ਜਥੇ: ਰਘੁਬੀਰ ਸਿੰਘ
ਤਲਵੰਡੀ ਸਾਬੋ, 31 ਜੁਲਾਈ-ਬੁੱਢਾ ਦਲ ਦੇ ਨਿਹੰਗ ਸਿੰਘਾਂ ਦੇ ਹੈੱਡ ਕੁਆਟਰ ਗੁਰਦੁਆਰਾ ਦੇਗਸਰ ਸਾਹਿਬ ਪਾ: 10ਵੀਂ ਯਾਦਗਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ: ਰਘੁਬੀਰ ਸਿੰਘ ਅਤੇ ਬੁੱਢਾ ਦਲ ਚਲਦਾ ਵਹੀਰ ਪੰਜਵਾਂ ਤਖ਼ਤ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਸਾਂਝੇ ਤੌਰ ਤੇ ਨਿਹੰਗ ਸਿੰਘਾਂ ਦੇ ਖ਼ਾਲਸਾਈ ਗੜਗੱਜ ਬੋਲਿਆਂ ਤੇ ਵਿਸ਼ੇਸ਼ ਤੌਰ ਤੇ ਤਿਆਰ ਕੋਸ਼ ਰਲੀਜ਼ ਕੀਤਾ ਗਿਆ। ਸ੍ਰ. ਦਿਲਜੀਤ ਸਿੰਘ ਬੇਦੀ ਵੱਲੋਂ ਤਿਆਰ ਕੀਤੇ ਇਸ ਨਵੇਕਲੇ ਅਤੇ ਮੇਹਨਤਕਸ ਖੋਜ ਭਰਭੂਰ ਕੋਸ਼ ਸਬੰਧੀ ਬੋਲਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜਿਹੜੇ ਸ਼ਬਦ ਜ਼ੁਬਾਨ ਦੀ ਰੰਗ-ਭੂਮੀ ਉੱਪਰ ਨੱਚਦੇ-ਨੱਚਦੇ ਥੱਕ ਟੁੱਟ ਕੇ ਡਿੱਗ ਪੈਂਦੇ ਹਨ, ਉਹ ਬੀਤਿਆ ਇਤਿਹਾਸ ਬਣ ਕੇ ਰਹਿ ਜਾਂਦੇ ਹਨ। ਭਾਸ਼ਾ ਦੇ ਕਾਫ਼ਲੇ ਦੇ ਵੀ ਕੁਝ ਕਾਨੂੰਨ ਅਤੇ ਕਾਇਦੇ ਹੁੰਦੇ ਹਨ, ਕੁੱਝ ਛੋਟਾਂ ਵੀ ਹੁੰਦੀਆਂ ਹਨ। ਨਿਹੰਗ ਸਿੰਘਾਂ ਦੇ ਬੋਲੇ ਪੰਜਾਬੀ ਸਾਹਿਤ ਦਾ ਖਾਸ ਰੂਪ ਹੈ ਜਿਸ ਨੇ ਪੰਜਾਬੀ ਸ਼ਬਦ ਭੰਡਾਰ ਵਿਚ ਅਮੁਲ ਵਾਧਾ ਕੀਤਾ।ਉਨ੍ਹਾਂ ਹੋਰ ਕਿਹਾ ਖਾਲਸਾਈ ਬੋਲੇ ਮੱਧਕਾਲੀ ਪੰਜਾਬੀ ਭਾਸ਼ਾ ਦੇ ਕੁਝ ਨਾਵਾਂ, ਕਿ੍ਰਆਵਾਂ ਹਨ, ਜੋ ਸਿੱਖ ਲਹਿਰ ਦੇ ਸੰਘਰਸ਼ ਤੇ ਵਿਕਾਸ ਸਮੇਂ ਵਿਸ਼ੇਸ਼ ਪਰਿਸਥਿਤੀਆਂ ਅਧੀਨ ਤਿਆਰ ਕੀਤੇ ਗਏ।ਉਨ੍ਹਾਂ ਨੇ ਬਾਬਾ ਬਲਬੀਰ ਸਿੰਘ ਤੇ ਸ੍ਰ. ਦਿਲਜੀਤ ਸਿੰਘ ਬੇਦੀ ਨੂੰ ਇਸ ਕਾਰਜ ਲਈ ਵਧਾਈ ਦੇਂਦਿਆਂ ਕਿਹਾ ਇਹ ਉਪਰਾਲਾ ਪ੍ਰਸੰਸਾ ਜਨਕ ਹੈ। ਸਿੰਘ ਸਾਹਿਬ ਗਿ: ਰਘੁਬੀਰ ਸਿੰਘ ਜਥੇ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਨੇ ਕਿਹਾ ਕਿ ਖ਼ਾਲਸਾਈ ਬੋਲੇ ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਸਿੰਘ ਬਹਾਦਰ ਦੇ ਸਮਿਆਂ ਵਿਚ ਬਣਨੇ ਆਰੰਭ ਹੋਏ। ਇਕੱਲਾ ਸਿੱਖ ਅਪਣੇ ਆਪ ਨੂੰ ਫੌਜ ਆਖਦਾ ਹੈ। ਖ਼ਾਲਸਾਈ ਬੋਲਿਆਂ ਦਾ ਜ਼ਿਆਦਾ ਸਬੰਧ 1716-1765 ਵਿਚਲੇ ਸਿੱਖ ਸੰਘਰਸ਼ ਦੇ ਸਮਿਆਂ ਨਾਲ ਹੈ। ਕੋਸ਼ ਦੇ ਲੋਕ ਅਰਪਣ ਸਮੇਂ ਮਹੰਤ ਕਰਮਜੀਤ ਸਿੰਘ ਸੇਵਾਪੰਥੀ, ਸੰਤ ਬਾਬਾ ਜੋਗਾ ਸਿੰਘ ਕਰਨਾਲ, ਸੰਤ ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਮਹੰਤ ਕਾਕਾ ਸਿੰਘ ਮਸਤੂਆਣਾ ਬੂੰਗਾ, ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਜੱਸਾ ਸਿੰਘ ਆਦਿ ਹਾਜ਼ਰ ਸਨ।