ਬਿਆਸ ਦਰਿਆ ਦੇ ਅਡਵਾਂਸ ਬੰਨ੍ਹ ‘ਤੇ ਪਿਆ ਪਾੜਾ, ਕਿਸਾਨਾਂ ਦੀਆਂ ਫਸਲ ਤਬਾਹ ਹੋਣ ਦਾ ਬਣਿਆ ਖ਼ਤਰਾ
ਪ੍ਰਸ਼ਾਸਨ ਸੁੱਤਾ ਪਿਆ ਕੁੰਭਕਰਨੀ ਨੀਂਦ
ਕਪੂਰਥਲਾ (ਚੰਦਰ ਮਰੀਆ) ਪੰਜਾਭ ਭਰ 'ਚ ਪੈ ਰਹੇ ਮੀਂਹ ਨੇ ਚਾਹੇ ਲੋਕਾਂ ਨੂੰ ਗਰਮੀ ਤੋਂ ਨਿਜਾਤ ਤਾਂ ਦਵਾਈ ਪਰ ਕਈ ਇਲਾਕਿਆਂ 'ਚ ਭਾਰੀ ਬਰਸਾਤ ਲੋਕਾਂ ਲਈ ਕਿਸੇ ਕਾਲ ਤੋਂ ਘੱਟ ਨਹੀਂ। ਇਸੇ ਤਹਿਤ ਪੰਜਾਬ ਦੇ ਬਿਆਸ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵਧਣ ਕਾਰਨ, ਨਾਲ ਲੱਗਦੀ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।
ਜਦੋਂ ਸਪੋਕਸਮੈਨ ਦੇ ਪੱਤਰਕਾਰ ਵੱਲੋਂ ਕਪੂਰਥਲਾ ਦੇ ਪਿੰਡ ਖਿਜਰਪੁਰ ਨਾਲ ਲਗਦੇ ਬਿਆਸ ਦਰਿਆ ਦੇ ਮੌਜੂਦਾ ਹਾਲਾਤਾਂ ਦਾ ਦੌਰਾ ਕੀਤਾ ਗਿਆ ਤਾਂ ਦਰਿਆ ਨਾਲ ਲੱਗਦੇ ਅਡਵਾਂਸ ਬੰਨ ਉੱਤੇ ਇੱਕ ਵੱਡਾ ਪਾੜਾ ਪਿਆ ਹੋਇਆ ਸੀ, ਜੋ ਕਿ ਉੱਥੋਂ ਦੇ ਸਥਾਨਕ ਲੋਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ।
ਸਥਾਨਿਕ ਲੋਕਾਂ ਨੇ ਦੱਸਿਆ ਕਿ ਇਹ ਪਾੜਾ ਪਿਛਲੇ ਅੱਠ ਤੋਂ ਦੱਸ ਦਿਨਾਂ ਦਾ ਇੰਝ ਹੀ ਪਿਆ ਹੋਇਆ ਹੈ। ਨਾ ਤਾਂ ਕੋਈ ਪ੍ਰਸ਼ਾਸ਼ਨ ਦਾ ਅਧਿਕਾਰੀ ਆਉਂਦਾ ਹੈ ਤੇ ਨਾ ਹੀ ਕੋਈ ਗੱਲ ਸੁਣਦਾ ਹੈ। ਲੋਕਾਂ ਮੁਤਾਬਕ ਜੇਕਰ ਇੱਕ ਵਾਰ ਮੀਂਹ ਹੋਰ ਪੈ ਗਿਆ ਜਾਂ ਪਾਣੀ ਓਵਰ ਫਲੋ ਹੋ ਗਿਆ ਤਾਂ ਇਹ ਬੰਨ ਟੁੱਟ ਜਾਵੇਗਾ ਅਤੇ ਨਾਲ ਲਗਦੀ ਹਜ਼ਾਰਾਂ ਏਕੜ ਫਸਲ ਤਾਂ ਤਬਾਹ ਹੋਵੇਗੀ ਨਾਲ ਹੀ ਲੋਕਾਂ ਦੀ ਜਾਨ ਅਤੇ ਮਾਲ ਨੂੰ ਵੀ ਵੱਡਾ ਖ਼ਤਰਾ ਹੋਵੇਗਾ।
ਜਿਸਤੋਂ ਬਚਾਅ ਲਈ ਜਲਦ ਹੀ ਪ੍ਰਸ਼ਾਸ਼ਨ ਨੂੰ ਕੋਈ ਨਾ ਕੋਈ ਕਦਮ ਚੁੱਕਣਾ ਚਾਹੀਦਾ ਹੈ । ਨਹੀਂ ਤੇ ਨਾਲ ਲਗਦੇ 7-8 ਪਿੰਡ ਇਸਦੀ ਚਪੇਟ ਵਿੱਚ ਆ ਜਾਣਗੇ ਜੋ ਕਿ ਇੱਕ ਵੱਡੀ ਲਾਪਰਵਾਹੀ ਹੋ ਸਕਦੀ ਹੈ। ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਤਹਿਸੀਲਦਾਰ ਵਿਨੋਦ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ PWD ਵਿਭਾਗ ਨੂੰ ਜਲਦ ਸੂਚਿਤ ਕਰ ਦਿੱਤਾ ਜਾਵੇਗਾ। ਅਤੇ ਜਲਦੀ ਹੀ ਸਥਾਨਿਕ ਲੋਕਾਂ ਨੂੰ ਇਸ ਮੁਸ਼ਕਿਲ ਤੋਂ ਰਾਹਤ ਦਿਵਾਈ ਜਾਏਗੀ।