ਅਟਾਰੀ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਦਿੱਲੀ ਰਵਾਨਾ, ਕਿਸਾਨ 2024 ਤੱਕ ਸੰਘਰਸ਼ ਕਰਨ ਨੂੰ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ‘ਚ ਕਿਸਾਨੀ ਅੰਦੋਲਨ ਨੂੰ ਦੇਣਗੇ ਨਵਾਂ ਬੱਲ

Farmer protest

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਕਿਸਾਨੀ ਅੰਦੋਲਨ ਨੂੰ ਨਵਾਂ ਬਲ ਬਖਸ਼ਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਹਲਕਾ ਅਟਾਰੀ ਤੋਂ ਇਕ ਵੱਡਾ ਕਾਫ਼ਲਾ ਦਿੱਲੀ ਦੇ ਬਾਰਡਰਾਂ ਲਈ ਰਵਾਨਾ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਜੇਕਰ ਇਹ ਸੰਘਰਸ਼ 2024 ਤੱਕ ਵੀ ਲਿਜਾਣਾ ਪਿਆ ਤਾਂ ਅਸੀਂ ਤਿਆਰ ਬਰ ਤਿਆਰ ਖੜੇ ਹਾਂ।

ਭਾਰਤੀ ਕਿਸਾਨ ਯੂਨੀਅਨ  ਉਗਰਾਹਾਂ ਹਲਕਾ ਅਟਾਰੀ ਦੇ ਆਗੂ ਕੁਲਵਿੰਦਰ ਸਿੰਘ ਮਾਹਲ ਅਤੇ ਬਲਾਕ ਪ੍ਰਧਾਨ ਕਰਮ ਸਿੰਘ ਨੰਗਲੀ ਨੇ ਦੱਸਿਆ ਕਿ ਅੱਜ ਅਸੀਂ ਦਿੱਲੀ ਦੇ ਬਾਰਡਰਾਂ ਤੇ 3  ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਨਵਾਂ ਬਲ ਬਖਸ਼ਣ ਲਈ ਕਾਫ਼ਲਾ ਲੈ ਕੇ ਜਾ ਰਹੇ ਹਾਂ ਕਿਉਂਕਿ  
ਝੋਨੇ ਦਾ ਸੀਜ਼ਨ ਖ਼ਤਮ ਹੋ ਗਿਆ।

 ਉਹਨਾਂ ਕਿਹਾ ਕਿ ਅਸੀਂ ਆਪਣੀਆਂ ਮੰਗਾ ਨੂੰ ਲੈ ਕੇ ਸੰਘਰਸ਼ ਜਾਰੀ ਰੱਖਾਂਗੇ ਭਾਵੇਂ ਇਹ ਸੰਘਰਸ਼ ਸਾਨੂੰ 2024 ਤਕ ਕਿਉ ਨਾ ਲਿਜਾਣਾ ਪਵੇ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਭਾਈਚਾਰੇ ਵੱਲੋ ਪੰਜਾਬ ਵਿਚ ਭਾਜਪਾ ਦੇ ਹੋ ਰਹੇ ਵਿਰੋਧ ਨੇ ਭਾਜਪਾ ਦੇ ਆਗੂਆਂ ਨੂੰ ਚੋਣਾਂ ਵਿਚ ਖੜ੍ਹੇ ਹੋਣ ਜੋਗਾ ਨਹੀਂ ਛੱਡਿਆ ਤੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਵੀ ਉਹ ਯੂ ਪੀ ਵਿਚ ਵੀ ਭਾਜਪਾ ਦਾ ਵਿਰੋਧ ਕਰਕੇ ਵੋਟਾਂ ਨਹੀ ਪੈਣ ਦੇਣਗੇ।