ਸਿੱਪੀ ਸਿੱਧੂ ਕੇਸ: ਜਸਟਿਸ ਚਿਤਕਾਰਾ ਨੇ ਕਲਿਆਣੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਤੋਂ ਕੀਤਾ ਇਨਕਾਰ 

ਏਜੰਸੀ

ਖ਼ਬਰਾਂ, ਪੰਜਾਬ

ਹੁਣ ਮਾਮਲਾ ਚੀਫ਼ ਜਸਟਿਸ ਕੋਲ ਜਾਵੇਗਾ, ਕੋਈ ਹੋਰ ਬੈਂਚ ਮਾਮਲੇ ਦੀ ਸੁਣਵਾਈ ਕਰੇਗਾ।

Kalyani

 

ਚੰਡੀਗੜ੍ਹ - ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਅਪੂਨ ਚਿਤਕਾਰਾ ਨੇ ਸਿੱਪੀ ਸਿੱਧੂ ਕਤਲ ਕੇਸ ਵਿੱਚ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਜੱਜ ਦੀ ਧੀ ਕਲਿਆਣੀ ਸਿੰਘ (36) ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਇਸ ਕੇਸ ਦੀ ਸੁਣਵਾਈ ਦੌਰਾਨ ਜਸਟਿਸ ਚਿਤਕਾਰਾ ਦੀ ਬੈਂਚ ਵਿਚ ਕੇਸ ਦੀ ਸੁਣਵਾਈ ਤੋਂ ਸੀਬੀਆਈ ਅਤੇ ਸ਼ਿਕਾਇਤਕਰਤਾ ਪੱਖ ਵੱਲੋਂ ਇਤਰਾਜ਼ ਉਠਾਇਆ ਗਿਆ। ਇਸ ਤੋਂ ਬਾਅਦ ਜਸਟਿਸ ਚਿਤਕਾਰਾ ਦੀ ਬੈਂਚ ਮਾਮਲੇ ਦੀ ਸੁਣਵਾਈ ਤੋਂ ਹਟ ਗਈ।

ਹੁਣ ਮਾਮਲਾ ਚੀਫ਼ ਜਸਟਿਸ ਕੋਲ ਜਾਵੇਗਾ, ਕੋਈ ਹੋਰ ਬੈਂਚ ਮਾਮਲੇ ਦੀ ਸੁਣਵਾਈ ਕਰੇਗਾ। ਜਾਣਕਾਰੀ ਅਨੁਸਾਰ ਅਕਤੂਬਰ 2021 ਵਿਚ ਜਦੋਂ ਜਸਟਿਸ ਚਿਤਕਾਰਾ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੂੰ ਅਲਵਿਦਾ ਕਹਿ ਦਿੱਤਾ ਸੀ ਤਾਂ ਜਸਟਿਸ ਸਬੀਨਾ ਨੇ ਵੀ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿਚ ਸਹੁੰ ਚੁੱਕੀ ਸੀ। ਅਜਿਹੇ 'ਚ ਸਿੱਪੀ ਸਿੱਧੂ ਦੇ ਪਰਿਵਾਰ ਨੇ ਜਸਟਿਸ ਚਿਤਕਾਰਾ ਦੀ ਬੈਂਚ 'ਚ ਕਲਿਆਣੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਨਾ ਕਰਨ ਦੀ ਮੰਗ ਕੀਤੀ ਹੈ।
ਇਸ ਤੋਂ ਪਹਿਲਾਂ 27 ਜੁਲਾਈ ਨੂੰ ਜਸਟਿਸ ਚਿਤਕਾਰਾ ਨੇ ਸ਼ਿਕਾਇਤਕਰਤਾ ਪੱਖ, ਸੀਬੀਆਈ ਅਤੇ ਕਲਿਆਣੀ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਸੀ।

ਇਹ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਨੂੰ ਇਸ ਬੈਂਚ ਵੱਲੋਂ ਮਾਮਲੇ ਦੀ ਸੁਣਵਾਈ 'ਤੇ ਕੋਈ ਇਤਰਾਜ਼ ਹੈ। ਇਸ ਦੇ ਜਵਾਬ ਵਿਚ ਅੱਜ ਸ਼ਿਕਾਇਤਕਰਤਾ ਪੱਖ ਨੇ ਇਤਰਾਜ਼ ਕੀਤਾ। ਜਸਟਿਸ ਸਬੀਨਾ 12 ਮਾਰਚ 2008 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵਧੀਕ ਜੱਜ ਬਣੀ। ਇਸ ਤੋਂ ਬਾਅਦ 23 ਫਰਵਰੀ 2010 ਨੂੰ ਉਹ ਸਥਾਈ ਜੱਜ ਬਣ ਗਈ। ਇਸ ਤੋਂ ਬਾਅਦ 11 ਅਪ੍ਰੈਲ 2016 ਨੂੰ ਉਹ ਰਾਜਸਥਾਨ ਹਾਈ ਕੋਰਟ ਦੀ ਜੱਜ ਬਣ ਗਈ। 8 ਅਕਤੂਬਰ 2021 ਨੂੰ ਉਸ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ਉਸੇ ਦਿਨ ਜਸਟਿਸ ਅਨੂਪ ਚਿਤਕਾਰਾ ਦਾ ਉਥੋਂ ਤਬਾਦਲਾ ਕਰ ਦਿੱਤਾ ਗਿਆ ਅਤੇ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਬਣ ਗਏ।

ਕਲਿਆਣੀ ਸਿੰਘ 21 ਜੂਨ ਤੋਂ ਚੰਡੀਗੜ੍ਹ ਬੁੜੈਲ ਜੇਲ੍ਹ ਵਿਚ ਕੈਦ ਹੈ। ਉਸ ਨੂੰ ਬੀਤੀ 15 ਜੂਨ ਨੂੰ ਚੰਡੀਗੜ੍ਹ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੇ ਕਲਿਆਣੀ 'ਤੇ ਸਿੱਪੀ ਦੇ ਨਾਲ ਮਿਲ ਕੇ ਇਕ ਹੋਰ ਹਮਲਾਵਰ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਅਣਪਛਾਤਾ ਹਮਲਾਵਰ ਫਰਾਰ ਹੈ। ਜੁਲਾਈ ਵਿਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੀ ਸੀਬੀਆਈ ਅਦਾਲਤ ਨੇ ਕਲਿਆਣੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਹੁਕਮ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੰਦਿਆਂ ਕਲਿਆਣੀ ਨੇ ਜ਼ਮਾਨਤ ਦੀ ਮੰਗ ਕੀਤੀ ਸੀ।