35 ਸਾਲਾਂ ਦੇ ਵਿਛੋੜੇ ਤੋਂ ਬਾਅਦ ਮਾਂ ਨੂੰ ਅਪਣੇ ਘਰ (ਕਾਦੀਆਂ) ਲੈ ਕੇ ਪਹੁੰਚਿਆ ਪੁੱਤ, ਕਿਹਾ- ਅੱਜ ਮੇਰਾ ਰੱਬ ਘਰ ਆਇਆ

ਏਜੰਸੀ

ਖ਼ਬਰਾਂ, ਪੰਜਾਬ

ਉਸ ਨੂੰ ਛੋਟੇ ਹੁੰਦਿਆਂ ਇਹ ਦਸਿਆ ਗਿਆ ਸੀ ਕਿ ਉਸ ਦੇ ਮਾਪਿਆਂ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ

photo

 

ਗੁਰਦਾਸਪੁਰ : ਬੀਤੇ ਦਿਨੀਂ ਨੌਜੁਆਨ ਜਗਜੀਤ ਸਿੰਘ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਪੰਜਾਬ ਦੇ ਕਈ ਇਲਾਕਿਆਂ ਵਿਚ ਮਦਦ ਲਈ ਆਇਆ ਸੀ, ਜਿੱਥੇ ਉਸ ਦੀ ਮੁਲਾਕਾਤ ਅਪਣੀ ਸਕੀ ਮਾਂ ਨਾਲ ਹੋਈ। 35 ਸਾਲਾਂ ਦੇ ਵਿਛੋੜੇ ਤੋਂ ਬਾਅਦ ਨੌਜੁਆਨ ਅਪਣੀ ਮਾਂ ਨੂੰ ਅਪਣੇ ਘਰ ਕਾਂਦੀਆਂ ਲੈ ਕੇ ਆਇਆ। ਜਗਜੀਤ ਅਪਣੀ ਮਾਂ ਨੂੰ ਆਪਣੇ ਨਾਲ ਘਰ ਕਾਦੀਆਂ ਲੈ ਗਿਆ। ਜਿੱਥੇ ਮੁਹੱਲਾ ਨਿਵਾਸੀਆਂ ਨੇ ਫੁੱਲਾਂ ਦੇ ਹਾਰ ਪਹਿਨਾ ਕੇ ਗਰਮਜੋਸ਼ੀ ਨਾਲ ਕੀਤਾ ਸਵਾਗਤ।

ਦਰਅਸਲ ਨੌਜੁਆਨ ਜਗਜੀਤ ਸਿੰਘ ਦੇ ਪਿਤਾ ਦੀ ਇਕ ਦੁਰਘਟਨਾ ਵਿਚ ਮੌਤ ਹੋ ਜਾਣ ਤੋਂ ਬਾਅਦ ਜਗਜੀਤ ਨੂੰ ਉਸ ਦੇ ਦਾਦਾ-ਦਾਦੀ ਨੇ ਅਪਣੇ ਕੋਲ ਰੱਖ ਲਿਆ ਸੀ ਮਾਂ ਅਪਣੇ ਪੇਕੇ ਚਲੀ ਗਈ ਸੀ। ਉਸ ਨੂੰ ਛੋਟੇ ਹੁੰਦਿਆਂ ਇਹ ਦਸਿਆ ਗਿਆ ਸੀ ਕਿ ਉਸ ਦੇ ਮਾਪਿਆਂ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਜਦੋਂ ਉਹ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਦੇ ਪਟਿਆਲਾ ਜ਼ਿਲ੍ਹੇ ’ਚ ਆਇਆ ਤਾਂ ਉਸ ਦੀ ਭੂਆ ਨੇ ਫੋਨ ਕਰ ਕੇ ਦਸਿਆ ਕਿ ਉਸ ਦਾ ਨਾਨਕਾ ਪਿੰਡ ਵੀ ਪਟਿਆਲਾ ਦੇ ਨੇੜੇ ਹੈ। ਨੌਜੁਆਨ ਨੇ ਅਪਣੇ ਰਿਸ਼ਤੇਦਾਰਾਂ ਤੋਂ ਨਾਨਕੇ ਪਿੰਡ ਦਾ ਨਾਂ ਪੁੱਛ ਕੇ ਭਾਲ ਕਰਨੀ ਸ਼ੁਰੂ ਕਰ ਦਿਤੀ। ਜਦੋਂ ਉਹ ਨਾਨਕੇ ਪਿੰਡ ਪਹੁੰਚਿਆ ਤਾਂ ਉਸ ਨੂੰ ਅਪਣੀ ਬਜ਼ੁਰਗ ਨਾਨੀ ਤੋਂ ਪਤਾ ਲੱਗਿਆ ਕਿ ਉਸ ਦੀ ਮਾਂ ਜਿਊਂਦਾ ਹੈ। ਜਦੋਂ ਨੌਜੁਆਨ ਨੇ ਅਪਣੀ ਮਾਂ ਨੂੰ ਤੇ ਮਾਂ ਨੇ ਅਪਣੇ ਪੁੱਤ ਨੂੰ ਅੱਖਾਂ ਸਾਹਮਣੇ ਦੇਖਿਆ ਤਾਂ ਦੋਵੇਂ ਇਕ ਦੂਜੇ ਨੂੰ ਜੱਫੀ ਪਾ ਕੇ ਧਾਹਾਂ ਮਾਰ-ਮਾਰ ਕੇ ਰੋਣ ਲੱਗੇ। 

35 ਸਾਲਾਂ ਦੇ ਵਿਛੋੜੇ ਤੋਂ ਬਾਅਦ ਨੌਜੁਆਨ ਅਪਣੀ ਮਾਂ ਨੂੰ ਅਪਣੇ ਘਰ ਲੈ ਆਇਆ। ਇਸ ਮੌਕੇ ਆਤਿਸ਼ਬਾਜ਼ੀ ਵੀ ਕੀਤੀ ਗਈਂ ਅਤੇ ਮਿਠਾਈ ਵੰਡੀ ਗਈ। ਮਾਂ ਪੁੱਤ ਦਾ ਇਹ ਪਿਆਰ ਦੇਖ ਕੇ ਹਰ ਇਕ ਦੀ ਅੱਖ ’ਚ ਖੁਸ਼ੀ ਦੇ ਹੰਝੂ ਸਨ। ਖੁਸ਼ੀ ਵਿਚ ਆਤਿਸ਼ਬਾਜ਼ੀ ਕਰਦੇ ਹੋਏ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਨੌਜੁਆਨ ਨੇ ਕਿਹਾ, ਅੱਜ ਮੇਰਾ ਰੱਬ ਘਰ ਆਇਆ ਹੈ।