ਗਰਮਖਿਆਲੀਆਂ ਵਿਰੁਧ NIA ਦੀ ਵੱਡੀ ਕਾਰਵਾਈ : ਜਲੰਧਰ, ਬਰਨਾਲਾ ਅਤੇ ਹੋਰ ਜ਼ਿਲਿਆਂ 'ਚ ਛਾਪੇਮਾਰੀ
ਪੰਜਾਬ 'ਚ ਸ਼ਰਾਰਤੀ ਅਨਸਰਾਂ ਅਤੇ ਗਰਮਖਿਆਲੀਆਂ ਵਿਰੁਧ ਕੀਤੀ ਜਾ ਰਹੀ ਕਾਰਵਾਈ
ਜਲੰਧਰ : ਜਲੰਧਰ : ਪੰਜਾਬ 'ਚ ਅੱਜ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀ ਸਬੰਧਾਂ ਨੂੰ ਲੈ ਕੇ ਕਈ ਸ਼ਹਿਰਾਂ 'ਚ ਛਾਪੇਮਾਰੀ ਕੀਤੀ। ਪੰਜਾਬ 'ਚ ਮੋਗਾ ਦੇ ਅਧੀਨ ਆਉਂਦੇ ਧੂਰਕੋਟ (ਨਿਹਾਲ ਸਿੰਘ ਵਾਲਾ), ਹੁਸ਼ਿਆਰਪੁਰ ਦੇ ਪਿੰਡ ਡੱਲੇਵਾਲ ਅਤੇ ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਪਿੰਡ ਦੌਲਪੁਰ (ਕਿਸ਼ਨਗੜ੍ਹ) 'ਚ ਵਿਦੇਸ਼ਾਂ 'ਚ ਬੈਠੇ ਗਰਮਖਿਆਲੀਆਂ ਅਤੇ ਗੈਂਗਸਟਰਾਂ ਦੇ ਸਬੰਧਾਂ ਨੂੰ ਲੈ ਕੇ NIA ਵਲੋਂ ਛਾਪੇਮਾਰੀ ਕੀਤੀ ਗਈ ਹੈ।
ਜਲੰਧਰ ਦੇ ਕਿਸ਼ਨਗੜ੍ਹ ਦੇ ਨਾਲ ਲੱਗਦੇ ਪਿੰਡ ਦੌਲਤਪੁਰ 'ਚ ਸਾਬਕਾ ਸਰਪੰਚ ਮਲਕੀਤ ਸਿੰਘ ਦੌਲਤਪੁਰ, ਜੋ ਹੁਣ ਅਕਾਲੀ ਦਲ ਦੇ ਆਗੂ ਹਨ, ਦੇ ਘਰ ਛਾਪਾ ਮਾਰਿਆ ਹੈ। NIA ਦੀ ਟੀਮ ਨੇ ਮਲਕੀਤ ਸਿੰਘ ਦੌਲਤਪੁਰ ਦੇ ਘਰ ਸਵੇਰੇ ਕਰੀਬ 3 ਵਜੇ ਛਾਪਾ ਮਾਰਿਆ। ਉਸ ਸਮੇਂ ਸਾਰਾ ਪ੍ਰਵਾਰ ਸੌਂ ਰਿਹਾ ਸੀ। ਉਨ੍ਹਾਂ ਸਾਰਿਆਂ ਨੂੰ ਵੱਖ-ਵੱਖ ਕਮਰਿਆਂ 'ਚ ਬਿਠਾ ਕੇ ਅਲੱਗ-ਅਲੱਗ ਪੁੱਛਗਿੱਛ ਕੀਤੀ।
ਇਸੇ ਤਰ੍ਹਾਂ ਗੈਂਗਸਟਰ ਸਿੰਡੀਕੇਟ ਸਬੰਧੀ ਮੋਗਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਧੂਰਕੋਟ (ਨਿਹਾਲ ਸਿੰਘ ਵਾਲਾ) ਵਿਚ ਜਸਵਿੰਦਰ ਸਿੰਘ ਦੇ ਘਰ ਐਨਆਈਏ ਦੀ ਟੀਮ ਨੇ ਛਾਪਾ ਮਾਰਿਆ। NIA ਅਧਿਕਾਰੀ ਜਸਵਿੰਦਰ ਤੋਂ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਬਾਰੇ ਵੀ ਪੁੱਛਗਿੱਛ ਕਰ ਰਹੇ ਹਨ।
NIA ਦੀ ਟੀਮ ਨੇ ਸਵੇਰੇ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਪਿੰਡ ਡੱਲੇਵਾਲ ਵਿਚ ਲਵਸ਼ਿੰਦਰ ਸਿੰਘ ਦੇ ਘਰ ਛਾਪਾ ਮਾਰਿਆ। ਲਵਸ਼ਿੰਦਰ ਸਿੰਘ ਪਿਛਲੇ ਦਿਨੀਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਵੀ ਰਹਿ ਚੁੱਕੇ ਹਨ। ਵਿਦੇਸ਼ਾਂ 'ਚ ਬੈਠੇ ਗਰਮਖਿਆਲੀਆਂ ਅਤੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਪੁੱਛਗਿੱਛ ਜਾਰੀ ਹੈ।
ਐਨਆਈਏ ਨੇ ਅੱਜ ਤੜਕੇ ਮੁਹਾਲੀ ਦੇ ਫੇਜ਼ 3ਬੀ2 ਵਿਚ ਅਤਿਵਾਦੀ ਪਰਮਜੀਤ ਸਿੰਘ ਪੰਮਾ ਦੇ ਘਰ ਛਾਪਾ ਮਾਰਿਆ ਹੈ। ਇਸ ਵਿਚ ਟੀਮ ਨੇ ਕਰੀਬ 2 ਘੰਟੇ ਤੱਕ ਉਸਦੇ ਘਰ ਦੀ ਜਾਂਚ ਕੀਤੀ। ਐਨਆਈਏ ਨੇ ਅਜੇ ਜਾਂਚ ਵਿੱਚ ਸ਼ਾਮਲ ਨਹੀਂ ਕੀਤਾ ਹੈ। ਉਸ ਨੇ ਉਸ ਦੇ ਘਰੋਂ ਕੁਝ ਵੀ ਨਹੀਂ ਲਿਆ ਹੈ। ਗਰਮਖਿਆਲੀ ਪੰਮਾ ਇਸ ਸਮੇਂ ਵਿਦੇਸ਼ 'ਚ ਰਹਿੰਦਾ ਹੈ। ਉਸ ਦੇ ਬਜ਼ੁਰਗ ਮਾਤਾ-ਪਿਤਾ ਇੱਥੇ ਰਹਿੰਦੇ ਹਨ। ਉਸ 'ਤੇ ਪੰਜਾਬ ਦੇ ਪਟਿਆਲਾ ਅਤੇ ਹਰਿਆਣਾ ਦੇ ਅੰਬਾਲਾ 'ਚ ਬੰਬ ਧਮਾਕਿਆਂ ਦਾ ਦੋਸ਼ ਹੈ।
ਪਿਛਲੇ ਕੁਝ ਦਿਨ ਪਹਿਲਾਂ ਗਰਮਖਿਆਲੀ ਪੰਮਾ ਦੇ ਘਰ NIA ਨੇ ਛਾਪਾ ਮਾਰਿਆ ਸੀ। ਸਾਲ 2020 'ਚ ਵੀ NIA ਨੇ ਛਾਪੇਮਾਰੀ ਕੀਤੀ ਸੀ। ਇੱਕ ਵਾਰ ਛਾਪੇਮਾਰੀ ਦੌਰਾਨ ਟਾਇਲਟ ਦੇ ਫਲੱਸ਼ ਟੈਂਕ ਵਿਚੋਂ ਕੁਝ ਅਪੱਤੀਜਨਕ ਦਸਤਾਵੇਜ਼ ਬਰਾਮਦ ਹੋਏ ਸਨ।
ਐਨਆਈਏ ਨੂੰ ਸ਼ੱਕ ਹੈ ਕਿ ਪੰਮਾ ਅਜੇ ਵੀ ਆਪਣੇ ਮਾਪਿਆਂ ਦੇ ਸੰਪਰਕ ਵਿਚ ਹੈ। ਉਸ ਨੇ 2000 ਤੋਂ ਯੂਕੇ ਵਿਚ ਆਪਣੇ ਪ੍ਰਵਾਰ ਨਾਲ ਸ਼ਰਨ ਲਈ ਹੈ। 2015 ਵਿਚ, ਉਸ ਨੂੰ ਪੁਰਤਗਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪਰ ਉਸ ਨੂੰ ਭਾਰਤ ਹਵਾਲੇ ਨਹੀਂ ਕੀਤਾ ਜਾ ਸਕਿਆ।
NIA ਦੀ ਟੀਮ ਨੇ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੇ ਹਲਕਾ ਮਲੋਟ ਵਿਚ ਪੈਂਦੇ ਪਿੰਡ ਸਰਵਾ ਬੋਦਲਾ ਵਿਚ ਕਿਸਾਨ ਆਗੂ ਸਤਨਾਮ ਸਿੰਘ ਦੇ ਖੇਤ ਵਿਚ ਛਾਪਾ ਮਾਰਿਆ। ਪ੍ਰਵਾਰ ਤੋਂ NIA ਅਧਿਕਾਰੀਆਂ ਨੇ ਕਰੀਬ 2 ਘੰਟੇ ਤੱਕ ਪੁੱਛਗਿੱਛ ਕੀਤੀ। ਐਨਆਈਏ ਦੀ ਛਾਪੇਮਾਰੀ ਦੌਰਾਨ ਕਿਸਾਨ ਕੋਠੀ ਦੇ ਬਾਹਰ ਲੋਕਾਂ ਦਾ ਇਕੱਠ ਸੀ। ਹਾਲਾਂਕਿ ਪੁੱਛਗਿੱਛ ਦੌਰਾਨ ਕਿਸੇ ਨੂੰ ਅੰਦਰ ਨਹੀਂ ਜਾਣ ਦਿਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ NIA ਦੀ ਟੀਮ ਬਾਹਰ ਜਾਣ ਸਮੇਂ ਸਤਨਾਮ ਸਿੰਘ ਦਾ ਆਈ-ਫੋਨ ਆਪਣੇ ਨਾਲ ਲੈ ਗਈ। ਸਤਨਾਮ ਸਿੰਘ ਨੂੰ 7 ਅਗਸਤ ਨੂੰ ਐਨਆਈਏ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਸਤਨਾਮ ਸਿੰਘ ਦਾ ਭਰਾ ਅਰਵਿੰਦਰ ਸਿੰਘ ਇੰਗਲੈਂਡ ਰਹਿੰਦਾ ਹੈ। ਕੱਲ੍ਹ ਹੀ ਇੰਗਲੈਂਡ ਤੋਂ ਵਾਪਸ ਆਇਆ ਸੀ। ਪਿੰਡ ਵਾਸੀਆਂ ਨੇ ਦਸਿਆ ਕਿ ਐਨ.ਆਈ.ਏ ਦੀ ਛਾਪੇਮਾਰੀ ਤੋਂ ਬਾਅਦ ਸਤਨਾਮ ਸਿੰਘ ਰਿਸ਼ਤੇਦਾਰੀ ਵਿਚ ਕਿਸੇ ਦੀ ਮੌਤ ਹੋਣ ਕਾਰਨ ਪ੍ਰਵਾਰ ਕੋਲ ਗਿਆ ਸੀ।
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਪੰਜਾਬ ਦੇ ਬਰਨਾਲਾ ਦੇ ਪਿੰਡ ਪੰਧੇਰ ਵਿਚ ਛਾਪਾ ਮਾਰਿਆ। ਐਨਆਈਏ ਦੀ ਟੀਮ ਜਾਂਚ ਲਈ ਸਵੇਰੇ 5 ਵਜੇ ਪਿੰਡ ਪੰਧੇਰ ਦੇ ਕਿਸਾਨ ਭੋਲਾ ਸਿੰਘ ਦੇ ਘਰ ਪਹੁੰਚੀ। ਐਨਆਈਏ ਦੀ ਛਾਪੇਮਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਕਿਸਾਨ ਭੋਲਾ ਸਿੰਘ ਦਾ ਪੁੱਤਰ ਸੁਰਿੰਦਰ ਸਿੰਘ ਇੰਗਲੈਂਡ ਰਹਿੰਦਾ ਹੈ।
ਸੂਤਰਾਂ ਮੁਤਾਬਕ ਪਿਛਲੇ ਦਿਨੀਂ ਗਰਮਖਿਆਲੀਆਂ ਨੇ ਇੰਗਲੈਂਡ 'ਚ ਭਾਰਤੀ ਦੂਤਾਵਾਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ 'ਚ ਸੁਰਿੰਦਰ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਸਬੰਧ ਵਿਚ ਸੁਰਿੰਦਰ ਸਿੰਘ ਦੇ ਪ੍ਰਵਾਰ ਤੋਂ ਪੁੱਛਗਿੱਛ ਕੀਤੀ ਗਈ। ਪ੍ਰਵਾਰ ਇਸ ਮਾਮਲੇ 'ਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।
ਐਨਆਈਏ ਦੀ ਛਾਪੇਮਾਰੀ ਦੌਰਾਨ ਸਥਾਨਕ ਪੁਲਿਸ ਅਤੇ ਸੀਆਈਡੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਘਰ ਵਿਚ ਦਾਖ਼ਲ ਨਹੀਂ ਹੋਣ ਦਿਤਾ ਗਿਆ। NIA ਦੀ ਟੀਮ ਸਵੇਰੇ 5 ਵਜੇ ਆਈ ਅਤੇ 2 ਘੰਟੇ ਬਾਅਦ ਰਵਾਨਾ ਹੋ ਗਈ।
ਪੰਜਾਬ ਦੇ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਭੂੰਗਾ ਵਿਚ ਸਵੇਰੇ 6 ਵਜੇ ਦੇ ਕਰੀਬ NIA ਦੀ ਟੀਮ ਨੇ ਮੁਹੱਲਾ ਰਾਮਗੜੀਆ ਵਿਚ ਅਧਿਆਪਕ ਸਰਬਜੋਤ ਸਿੰਘ ਦੇ ਘਰ ਛਾਪਾ ਮਾਰਿਆ। ਪ੍ਰਵਾਰ ਤੋਂ 2 ਘੰਟੇ ਪੁੱਛਗਿੱਛ ਕਰਨ ਤੋਂ ਬਾਅਦ NIA ਦੀ ਟੀਮ ਨੇ ਸਰਬਜੋਤ ਦਾ ਮੋਬਾਈਲ ਵੀ ਖੋਹ ਲਿਆ। ਉਨ੍ਹਾਂ ਨੂੰ 3 ਅਗਸਤ ਨੂੰ ਦਿੱਲੀ ਦਫ਼ਤਰ ਵਿਚ ਹਾਜ਼ਰ ਹੋਣ ਦੇ ਨਿਰਦੇਸ਼ ਦਿਤੇ ਗਏ ਹਨ।
ਪਿਤਾ ਨਰਿੰਦਰ ਸਿੰਘ ਨੇ ਦਸਿਆ ਕਿ ਟੀਮ ਸਵੇਰੇ ਘਰ ਪਹੁੰਚੀ ਸੀ। ਜਿਸ ਨੇ ਪੁੱਤਰ ਸਰਬਜੋਤ ਸਿੰਘ ਬਾਰੇ ਪੁੱਛਿਆ ਪਰ ਪੁੱਤਰ ਸਰਬਜੋਤ ਘਰ ਨਹੀਂ ਸੀ। ਆਪਣੇ ਮਾਮੇ ਦੇ ਘਰ ਗਿਆ ਹੋਇਆ ਸੀ। ਜਿਸ ਤੋਂ ਬਾਅਦ ਟੀਮ ਮੈਨੂੰ ਨਾਲ ਲੈ ਕੇ ਮਾਮੇ ਦੇ ਘਰ ਗਈ ਅਤੇ ਬੇਟੇ ਨਾਲ ਦੁਬਾਰਾ ਸਾਡੇ ਘਰ ਪਹੁੰਚੀ।
ਉਨ੍ਹਾਂ ਦਸਿਆ ਕਿ ਇਸ ਸਾਲ ਵਿਸਾਖੀ ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਜਥੇ ਸਮੇਤ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ। ਦਸ ਦਿਨਾਂ ਬਾਅਦ ਮੁੜ ਘਰ ਪਰਤਿਆ। ਉਨ੍ਹਾਂ ਦੱਸਿਆ ਕਿ ਸਾਡਾ ਐਨਆਈਏ ਟੀਮ ਨਾਲ ਪੂਰਾ ਸਹਿਯੋਗ ਹੋਵੇਗਾ। ਆਉਣ ਵਾਲੇ ਦਿਨਾਂ ਵਿਚ ਟੀਮ ਨੇ ਉਸ ਨੂੰ ਦਿੱਲੀ ਦਫ਼ਤਰ ਬੁਲਾਇਆ ਹੈ। ਜਿੱਥੇ ਮੈਂ ਅਤੇ ਮੇਰਾ ਬੇਟਾ ਉਨ੍ਹਾਂ ਦੀ ਜਾਂਚ ਵਿੱਚ ਸ਼ਾਮਲ ਹੋਵਾਂਗੇ।
ਉਨ੍ਹਾਂ ਦਸਿਆ ਕਿ ਬੇਟਾ ਸਰਬਜੋਤ ਸਿੰਘ ਕੋਰੋਨਾ ਅਤੇ ਹੁਣ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸੇਵਾ ਕਰ ਰਿਹਾ ਹੈ। ਪ੍ਰਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਟੀਮ ਇੱਥੇ ਕਿਉਂ ਆਈ ਹੈ।