ਪੰਜਾਬ ਦੇ ਕਈ ਰੇਲਵੇ ਸਟੇਸ਼ਨ ਹੋਣਗੇ ਅਪਡੇਟ, ਇਸ ਯੋਜਨਾ ਤਹਿਤ ਕੇਂਦਰ ਕਰ ਰਿਹਾ ਕੰਮ 

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰ ਦੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਨਾਲ ਵੰਨ ਸਟੇਸ਼ਨ, ਵੰਨ ਪ੍ਰੋਡਕਟ ਸਕੀਮ ਦਾ ਵੀ ਦਾਇਰਾ ਵਧੇਗਾ।

Railway Station

ਚੰਡੀਗੜ੍ਹ : ਅਗਲੇ ਸਾਲ ਤੱਕ ਪੰਜਾਬ ਦੇ ਕਈ ਰੇਲਵੇ ਸਟੇਸ਼ਨ ਅਪਡੇਟ ਦਿਖਣਗੇ। ਇਹ ਸਭ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਚੱਲਦੇ ਸੰਭਵ ਹੋਵੇਗਾ। ਰੇਲ ਮੰਤਰਾਲੇ ਨੇ ਇਸ ਯੋਜਨਾ ਤਹਿਤ ਪੰਜਾਬ ਦੇ 30 ਰੇਲਵੇ ਸਟੇਸ਼ਨ ਚੁਣੇ ਹਨ। ਇਨ੍ਹਾਂ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਆਧੁਨਿਕੀਕਰਨ ਦੀ ਇਹ ਯੋਜਨਾ ਅੰਬਾਲਾ ਅਤੇ ਫਿਰੋਜ਼ਪੁਰ ਰੇਲਵੇ ਮੰਡਲ ਅਧੀਨ ਪੂਰੀ ਹੋਵੇਗੀ। ਅੰਬਾਲਾ ਮੰਡਲ ਅਧੀਨ 13 ਰੇਲਵੇ ਸਟੇਸ਼ਨ ਜਦੋਂਕਿ ਫਿਰੋਜ਼ਪੁਰ ਮੰਡਲ ਅਧੀਨ 17 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਹੋਵੇਗਾ।

ਅਧਿਕਾਰੀਆਂ ਦੀ ਮੰਨੀਏ ਤਾਂ ਫਿਰੋਜ਼ਪੁਰ ਮੰਡਲ ਅਧੀਨ ਕਈ ਰੇਲਵੇ ਸਟੇਸ਼ਨਾਂ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਜਦੋਂਕਿ ਅੰਬਾਲਾ ਮੰਡਲ ਦੇ ਪੱਧਰ ’ਤੇ ਕਾਰਜ ਮਨਜ਼ੂਰੀ ਲੈਣ ਅਤੇ ਟੈਂਡਰ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਕੇਂਦਰ ਨੇ ਕਿਹਾ ਹੈ ਕਿ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਸਾਲ 2023 ਦੇ ਅੰਤ ਤੱਕ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ 2024 ਤੱਕ ਸਾਰੇ ਰੇਲਵੇ ਸਟੇਸ਼ਨਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਹਾਲਾਂਕਿ ਫਿਰੋਜ਼ਪੁਰ ਮੰਡਲ ਦੇ ਪੱਧਰ ’ਤੇ ਉਮੀਦ ਹੈ ਕਿ ਸਾਲ 2024 ਦੇ ਵਿਚਕਾਰ ਤੱਕ ਕਰੀਬ ਅੱਧਾ ਦਰਜਨ ਰੇਲਵੇ ਸਟੇਸ਼ਨ ਦਾ ਕਾਰਜ ਮੁਕੰਮਲ ਵੀ ਕਰ ਲਿਆ ਜਾਵੇਗਾ।

ਕਈ ਰੇਲਵੇ ਸਟੇਸ਼ਨਾਂ ਦਾ ਕੰਮ ਹੋਇਆ ਸ਼ੁਰੂ 
ਫਿਰੋਜ਼ਪੁਰ ਮੰਡਲ ਅਧੀਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਕਾਰਜ ਕਾਫ਼ੀ ਐਡਵਾਂਸ ਸਟੇਜ ਵਿਚ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਫਰਵਰੀ 2024 ਤੱਕ ਸਟੇਸ਼ਨ ਦੇ ਸਾਰੇ ਕਾਰਜ ਮੁਕੰਮਲ ਕਰਨ ਦਾ ਟੀਚਾ ਨਿਰਧਾਰਤ ਹੈ। ਇਸ ਕੜੀ ਵਿਚ ਢੰਡਰੀ ਕਲਾਂ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਕਾਰਜ ਵੀ ਐਡਵਾਂਸ ਸਟੇਜ ਵਿਚ ਹੈ। ਲੁਧਿਆਣਾ ਰੇਲਵੇ ਸਟੇਸ਼ਨ ’ਤੇ ਇਕ ਐਂਟਰੀ ਬੰਦ ਕਰ ਕੇ ਦੂਜੀ ਐਂਟਰੀ ਸ਼ੁਰੂ ਕਰਨ, ਬੁਕਿੰਗ ਦਫ਼ਤਰ ਸ਼ਿਫਟ ਕਰਨ ਤੋਂ ਇਲਾਵਾ ਪਾਰਕਿੰਗ ਦਾ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਇੱਥੇ ਮਲਟੀਲੈਵਲ ਪਾਰਕਿੰਗ ਬਣਾਈ ਜਾ ਰਹੀ ਹੈ ਤਾਂਕਿ ਟ੍ਰੈਫਿਕ ਦੀ ਮੁਸ਼ਕਿਲ ਨੂੰ ਘੱਟ ਕੀਤਾ ਜਾ ਸਕੇ।    

ਦੱਸ ਦਈਏ ਕਿ ਹੁਸ਼ਿਆਰਪੁਰ ਅਤੇ ਫਗਵਾੜਾ ਰੇਲਵੇ ਸਟੇਸ਼ਨ ਦਾ ਹਾਲ ਹੀ ਵਿਚ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਹੁਣ ਨਿਰਮਾਣ ਕਾਰਜ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਅਧਿਕਾਰੀਆਂ ਦੀ ਮੰਨੀਏ ਤਾਂ 2024 ਤੱਕ ਅੱਧੇ ਤੋਂ ਵੱਧ ਨਿਰਮਾਣ ਕਾਰਜ ਮੁਕੰਮਲ ਕਰ ਲਏ ਜਾਣਗੇ। ਅਧਿਕਾਰੀਆਂ ਅਨੁਸਾਰ ਸਟੇਸ਼ਨਾਂ ਦਾ ਆਧੁਨਿਕੀਰਨ ਇਸ ਲਿਹਾਜ਼ ਨਾਲ ਕੀਤਾ ਜਾ ਰਿਹਾ ਹੈ ਕਿ ਮੁਸਾਫਰਾਂ ਨੂੰ ਵੱਧ ਤੋਂ ਵੱਧ ਸਹੂਲਤ ਮਿਲੇ। ਖ਼ਾਸ ਤੌਰ ’ਤੇ ਸਟੇਸ਼ਨ ਨੂੰ ਇਸ ਤਰ੍ਹਾਂ ਨਾਲ ਬਣਾਇਆ ਜਾਵੇ ਕਿ ਮੁਸਾਫਰਾਂ ਨੂੰ ਸੌਖ ਨਾਲ ਪਲੇਟਫਾਰਮ ਤੱਕ ਐਂਟਰੀ ਮਿਲੇ। ਇਸ ਲਈ ਦਿੱਲੀ, ਚੰਡੀਗੜ੍ਹ ਦੀ ਤਰਜ਼ ’ਤੇ ਦੋ ਤਰਫਾ ਐਂਟਰੀ ’ਤੇ ਫੋਕਸ ਕੀਤਾ ਜਾ ਰਿਹਾ ਹੈ ਤਾਂਕਿ ਮੁਸਾਫ਼ਰ ਆਪਣੇ ਨਜ਼ਦੀਕੀ ਸਥਾਨ ਤੋਂ ਪਲੇਟਫਾਰਮ ਤੱਕ ਪਹੁੰਚ ਸਕਣ। 

ਸਰਕਾਰ ਦੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਨਾਲ ਵੰਨ ਸਟੇਸ਼ਨ, ਵੰਨ ਪ੍ਰੋਡਕਟ ਸਕੀਮ ਦਾ ਵੀ ਦਾਇਰਾ ਵਧੇਗਾ। ਇਸ ਸਕੀਮ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ’ਤੇ ਲਾਗੂ ਕੀਤਾ ਜਾਵੇਗਾ। ਰੇਲ ਮੰਤਰਾਲੇ ਨੇ ਹਾਲ ਹੀ ਵਿਚ ਇਸ ਯੋਜਨਾ ਦਾ ਦਾਇਰਾ ਵਧਾਉਣ ਲਈ ਹੁਕਮ ਜਾਰੀ ਕੀਤੇ ਹਨ ਤਾਂਕਿ ਇਕ ਸਟੇਸ਼ਨ ਇਕ ਉਤਪਾਦ  ਆਊਟਲੇਟ ਦੀ ਗਿਣਤੀ ਵਧਾਈ ਜਾਵੇ। ਇਸ ਤਹਿਤ ਅੰਮ੍ਰਿਤ ਭਾਰਤ ਸਟੇਸ਼ਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਮੰਡਲ ਅਧੀਨ ਹੁਣ ਤੱਕ ਕਰੀਬ 23 ਸਟੇਸ਼ਨਾਂ ’ਤੇ ਵੰਨ ਸਟੇਸ਼ਨ ਵਨ ਪ੍ਰੋਡਕਟ ਯੋਜਨਾ ਅਮਲ ਵਿਚ ਲਿਆਂਦੀ ਗਈ ਹੈ। ਛੇਤੀ ਹੀ 14 ਨਵੇਂ ਸਟੇਸ਼ਨਾਂ ’ਤੇ ਇਸਨੂੰ ਅਮਲ ਵਿਚ ਲਿਆਂਦਾ ਜਾਵੇਗਾ। ਇਸ ਕੜੀ ਵਿਚ ਅੰਬਾਲਾ ਰੇਲਵੇ ਮੰਡਲ ਅਧੀਨ 14 ਰੇਲਵੇ ਸਟੇਸ਼ਨਾਂ ’ਤੇ ਵਨ ਸਟੇਸ਼ਨ ਵਨ ਪ੍ਰੋਡਕਟ ਆਊਟਲੇਟ ਖੋਲ੍ਹਿਆ ਗਿਆ ਹੈ।