ਨੋਟਬੰਦੀ, ਗ਼ਲਤ ਜੀ.ਐਸ.ਟੀ. ਅਤੇ ਤਾਲਾਬੰਦੀ ਦਾ ਮਕਸਦ ਗ਼ੈਰ-ਜਥੇਬੰਦ ਖੇਤਰ ਨੂੰ ਖ਼ਤਮ ਕਰਨਾ : ਰਾਹੁਲ

ਏਜੰਸੀ

ਖ਼ਬਰਾਂ, ਪੰਜਾਬ

ਨੋਟਬੰਦੀ, ਗ਼ਲਤ ਜੀ.ਐਸ.ਟੀ. ਅਤੇ ਤਾਲਾਬੰਦੀ ਦਾ ਮਕਸਦ ਗ਼ੈਰ-ਜਥੇਬੰਦ ਖੇਤਰ ਨੂੰ ਖ਼ਤਮ ਕਰਨਾ : ਰਾਹੁਲ

image

ਮਹਾਂਮੰਦੀ ਸਮੇਂ ਡਾ. ਮਨਮੋਹਨ ਸਿੰਘ ਨੇ ਮੈਨੂੰ ਕਿਹਾ ਸੀ ਕਿ ਜਦ ਤਕ ਹਿੰਦੁਸਤਾਨ ਦਾ ਗ਼ੈਰ-ਜਥੇਬੰਦ ਸਿਸਟਮ ਮਜ਼ਬੂਤ ਹੈ, ਦੇਸ਼ ਨੂੰ ਕੋਈ ਆਰਥਕ ਤੂਫ਼ਾਨ ਛੂਹ ਨਹੀਂ ਸਕਦਾ

ਨਵੀਂ ਦਿੱਲੀ, 31 ਅਗੱਸਤ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰਥਚਾਰੇ ਦੀ ਹਾਲਤ ਬਾਰੇ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਨੋਟਬੰਦੀ, ਗ਼ਲਤ ਜੀਐਸਟੀ ਅਤੇ ਤਾਲਾਬੰਦੀ ਦਾ ਮਕਸਦ ਗ਼ੈਰ-ਜਥੇਬੰਦ ਖੇਤਰ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਗ਼ੈਰ-ਜਥੇਬੰਦ ਖੇਤਰ ਖ਼ਤਮ ਹੋ ਗਿਆ ਤਾਂ ਦੇਸ਼ ਰੁਜ਼ਗਾਰ ਪੈਦਾ ਨਹੀਂ ਕਰ ਸਕੇਗਾ।
   ਕਾਂਗਰਸ ਆਗੂ ਨੇ ਵੀਡੀਉ ਜਾਰੀ ਕਰਦਿਆਂ ਕਿਹਾ, 'ਜਦ 2008 ਵਿਚ ਜ਼ਬਰਦਸਤ ਆਰਥਕ ਤੂਫ਼ਾਨ ਆਇਆ ਤਾਂ ਮੈਂ ਵੇਲੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਪੁਛਿਆ ਸੀ ਕਿ ਪੂਰੀ ਦੁਨੀਆਂ ਵਿਚ ਆਰਥਕ ਨੁਕਸਾਨ ਹੋਇਆ ਹੈ ਪਰ ਹਿੰਦੁਸਤਾਨ ਵਿਚ ਕੋਈ ਅਸਰ ਕਿÀੁਂ ਨਹੀਂ ਹੋਇਆ ਤਾਂ ਉਨ੍ਹਾਂ ਉਸ ਵੇਲੇ ਕਿਹਾ ਸੀ ਕਿ ਜਦ ਤਕ ਹਿੰਦੁਸਤਾਨ ਦਾ ਗ਼ੈਰ-ਜਥੇਬੰਦ ਸਿਸਟਮ ਮਜ਼ਬੂਤ ਹੈ ਤਦ ਤਕ ਦੇਸ਼ ਨੂੰ ਕੋਈ ਆਰਥਕ ਤੂਫ਼ਾਨ ਛੂਹ ਨਹੀਂ ਸਕਦਾ।' ਰਾਹੁਲ ਨੇ ਦੋਸ਼ ਲਾਇਆ ਕਿ ਪਿਛਲੇ 6 ਸਾਲ ਤੋਂ ਭਾਜਪਾ ਦੀ ਸਰਕਾਰ ਨੇ ਇਸ ਖੇਤਰ ਦੇ ਪ੍ਰਬੰਧ 'ਤੇ ਹਮਲਾ ਕੀਤਾ ਹੈ ਜਿਸ ਦੀਆਂ ਤਿੰਨ ਵੱਡੀਆਂ ਮਿਸਾਲਾਂ ਨੋਟਬੰਦੀ,
ਗ਼ਲਤ ਜੀਐਸਟੀ ਅਤੇ ਤਾਲਾਬੰਦੀ ਹਨ। ਉਨ੍ਹਾਂ ਦਾਅਵਾ ਕੀਤਾ, 'ਇਹ ਨਾ ਸੋਚੋ ਕਿ ਤਾਲਾਬੰਦੀ ਪਿੱਛੇ ਸੋਚ ਨਹੀਂ ਸੀ। ਇਹ ਨਾ ਸੋਚੋ ਕਿ ਆਖ਼ਰੀ ਮਿੰਟਾਂ ਵਿਚ ਤਾਲਾਬੰਦੀ ਕਰ ਦਿਤੀ ਗਈ। ਇਨ੍ਹਾਂ ਤਿੰਨਾਂ ਦਾ ਟੀਚਾ ਸਾਡੇ ਅਸੰਗਠਿਤ ਖੇਤਰ ਨੂੰ ਖ਼ਤਮ ਕਰਨ ਦਾ ਹੈ।'
     ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜੀ ਨੇ ਸਰਕਾਰ ਚਲਾਉਣੀ ਹੈ ਤਾਂ ਮੀਡੀਆ ਦੀ ਲੋੜ ਹੈ, ਮਾਰਕਟਿੰਗ ਦੀ ਲੋੜ ਹੈ। ਮੀਡੀਆ ਅਤੇ ਮਾਰਕਟਿੰਗ 15-20 ਲੋਕ ਕਰਦੇ ਹਨ। ਇਹੋ ਲੋਕ ਅਸੰਗਠਿਤ ਖੇਤਰ ਦਾ ਪੈਸਾ ਲੈਣਾ ਚਾਹੁੰਦੇ ਹਨ।' ਉਨ੍ਹਾਂ ਕਿਹਾ ਕਿ ਅਸੰਗਠਿਤ ਖੇਤਰ 90 ਫ਼ੀ ਸਦੀ ਤੋਂ ਵੱਧ ਰੁਜ਼ਗਾਰ ਦਿੰਦਾ ਹੈ। ਜਿਸ ਦਿਨ ਇਨਫ਼ਾਰਮਲ ਸੈਕਟਰ ਨਸ਼ਟ ਹੋ ਗਿਆ, ਉਸ ਦਿਨ ਹਿੰਦੁਸਤਾਨ ਰੁਜ਼ਗਾਰ ਪੈਦਾ ਨਹੀਂ ਕਰ ਸਕੇਗਾ। ਕਾਂਗਰਸ ਆਗੂ ਨੇ ਇਹ ਦਾਅਵਾ ਵੀ ਕੀਤਾ, 'ਤੁਸੀਂ ਅਸੰਗਠਿਤ ਖੇਤਰ ਦੇ ਲੋਕ ਹੀ ਦੇਸ਼ ਨੂੰ ਚਲਾਉਂਦੇ ਹੋ। ਤੁਸੀਂ ਹੀ ਦੇਸ਼ ਨੂੰ ਅੱਗੇ ਲਿਜਾਂਦੇ ਹੋ ਪਰ ਤੁਹਾਡੇ ਹੀ ਵਿਰੁਧ ਸਾਜ਼ਸ਼ ਹੋ ਰਹੀ ਹੈ। ਤੁਹਾਨੂੰ ਠਗਿਆ ਜਾ ਰਿਹਾ ਹੈ ਅਤੇ ਤੁਹਾਨੂੰ ਗ਼ੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਇਸ ਹਮਲੇ ਨੂੰ ਪਛਾਣਨਾ ਪਵੇਗਾ ਅਤੇ ਪੂਰੇ ਦੇਸ਼ ਨੂੰ ਮਿਲ ਕੇ ਇਨ੍ਹਾਂ ਵਿਰੁਧ ਲੜਨਾ ਪਵੇਗਾ।' (ਏਜੰਸੀ)