ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਹੀਂ ਰਹੇ

ਏਜੰਸੀ

ਖ਼ਬਰਾਂ, ਪੰਜਾਬ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਹੀਂ ਰਹੇ

image

ਹਸਪਤਾਲ ਵਿਚ ਲਿਆ ਆਖ਼ਰੀ ਸਾਹ, 10 ਅਗੱਸਤ ਤੋਂ ਸਨ ਦਾਖ਼ਲ
 

ਨਵੀਂ ਦਿੱਲੀ, 31 ਅਗੱਸਤ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਸੋਮਵਾਰ ਨੂੰ ਸਥਾਨਕ ਫ਼ੌਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ। ਮੁਖਰਜੀ ਦੇ ਪੁੱਤਰ ਅਭਿਜੀਤ ਨੇ ਦਸਿਆ, 'ਭਾਰੀ ਮਨ ਨਾਲ ਸੂਚਿਤ ਕਰਦਾ ਹਾਂ ਕਿ ਮੇਰੇ ਪਿਤਾ ਸ੍ਰੀ ਪ੍ਰਣਬ ਮੁਖਰਜੀ ਦਾ ਕੁੱਝ ਸਮਾਂ ਪਹਿਲਾਂ ਹੀ ਦਿਹਾਂਤ ਹੋ ਗਿਆ ਹੈ। ਆਰ ਆਰ ਹਸਪਤਾਲ ਦੇ ਡਾਕਟਰਾਂ ਦੇ ਅਣਥੱਕ ਯਤਨਾਂ ਅਤੇ ਪੂਰੇ ਭਾਰਤ ਦੇ ਲੋਕਾਂ ਦੀਆਂ ਅਰਦਾਸਾਂ ਲਈ ਮੈਂ ਉਨ੍ਹਾਂ ਦਾ ਹੱਥ ਜੋੜ ਕੇ ਧਨਵਾਦ ਕਰਦਾ ਹਾਂ।'
ਮੁਖਰਜੀ 2012 ਤੋਂ 2017 ਤਕ ਦੇਸ਼ ਦੇ 13ਵੇਂ ਰਾਸ਼ਟਰਪਤੀ ਸਨ। ਸੋਮਵਾਰ ਸਵੇਰੇ ਡਾਕਟਰਾਂ ਨੇ ਦਸਿਆ ਸੀ ਕਿ ਸਾਬਕਾ ਰਾਸ਼ਟਰਪਤੀ ਦੀ ਸਿਹਤ ਹੋਰ ਵਿਗੜ ਗਈ ਹੈ ਕਿਉਂਕਿ ਫੇਫੜਿਆਂ ਵਿਚ ਲਾਗ ਕਾਰਨ ਊਨ੍ਹਾਂ ਨੂੰ ਸੈਪਟਿਕ ਸ਼ੌਕ ਲੱਗਾ ਹੈ। ਸੈਪਟਿਕ ਸ਼ੌਕ ਅਜਿਹੀ ਗੰਭੀਰ ਹਾਲਤ ਹੈ ਜਦ ਬੀ.ਪੀ. ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਸਰੀਰ ਦੇ ਅੰਗਾਂ ਪੂਰੀ ਮਾਤਰਾ ਵਿਚ ਆਕਸੀਜਨ ਪ੍ਰਾਪਤ ਕਰਨ ਵਿਚ ਨਾਕਾਮ ਹੋ ਜਾਂਦੇ ਹਨ। ਡਾਕਟਰਾਂ ਨੇ ਕਿਹਾ ਸੀ ਕਿ ਮੁਖਰਜੀ ਹਾਲੇ ਵੀ ਵੈਂਟੀਲੇਟਰ 'ਤੇ ਹਨ।
84 ਸਾਲਾ ਮੁਖਰਜੀ ਨੂੰ 10 ਅਗੱਸਤ ਨੂੰ ਫ਼ੌਜ ਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ ਅਤੇ ਉਨ੍ਹਾਂ ਦੀ ਬ੍ਰੇਨ ਸਰਜਰੀ ਹੋਈ ਸੀ। ਉਨ੍ਹਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਵੀ ਹੋਈ ਸੀ। ਬਾਅਦ ਵਿਚ ਉਨ੍ਹਾਂ ਦੇ ਫੇਫੜਿਆਂ ਵਿਚ ਵੀ ਇਨਫ਼ੈਕਸ਼ਨ ਹੋ ਗਈ ਸੀ ਅਤੇ ਉਨ੍ਹਾਂ ਦੇ ਗੁਰਦੇ ਵੀ ਠੀਕ ਕੰਮ ਨਹੀਂ ਕਰ ਰਹੇ ਸਨ।  ਉਦੋਂ ਤੋਂ ਹੀ ਉਹ ਡੂੰਘੀ ਕੋਮਾ ਵਿਚ ਸਨ ਅਤੇ ਵੈਂਟੀਲੇਟਰ 'ਤੇ ਸਨ। ਉਨ੍ਹਾਂ ਦੇ ਫੇਫੜਿਆਂ ਵਿਚ ਲਾਗ ਅਤੇ ਗੁਰਦੇ ਦੀ ਸਮੱਸਿਆ ਦਾ ਲਗਾਤਾਰ ਜਾਰੀ ਰਿਹਾ। (ਏਜੰਸੀ)