ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਝਟਕਾ, ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫ਼ਤਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਅੱਜ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਝਟਕਾ ਦਿੱਤਾ ਹੈ।

Sumedh Singh Saini

ਚੰਡੀਗੜ੍ਹ: ਬਹੁਚਰਚਿਤ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ ਵਿਚ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਕਤਲ ਦੀ ਧਾਰਾ 302 'ਚ ਅਦਾਲਤ ਨੇ ਅਗਾਊਂ ਜ਼ਮਾਨਤ ਖ਼ਾਰਜ ਕਰ ਦਿੱਤੀ ਹੈ। ਐੱਸਆਈਟੀ ਹੁਣ ਕਿਸੇ ਵੀ ਸਮੇਂ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। 

ਦੱਸ ਦਈਏ ਕਿ ਇਸ ਮਾਮਲੇ ਵਿਚ ਕੋਰਟ ਨੇ 28 ਅਗਸਤ ਨੂੰ ਸਾਬਕਾ ਡੀਜੀਪੀ ਦੀ ਗ੍ਰਿਫਤਾਰੀ ਤੇ 1 ਸਤੰਬਰ ਤਕ ਰੋਕ ਲਗਾ ਦਿੱਤੀ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ ) ਦੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਪੁਲੀਸ ਟੀਮ ਵੱਲੋਂ ਸੈਣੀ ਦੀ ਗ੍ਰਿਫਤਾਰੀ ਲਈ ਉਹਨਾਂ ਦੀ ਚੰਡੀਗੜ੍ਹ ਦੇ 20 ਡੀ ਸਥਿਤ ਕੋਠੀ ਨੰਬਰ 3048 ਤੇ ਛਾਪੇਮਾਰੀ ਕੀਤੀ ਗਈ ਸੀ।

ਹਾਲਾਂਕਿ ਸਾਬਕਾ ਡੀਜੀਪੀ ਇਸ ਛਾਪੇਮਾਰੀ ਦੌਰਾਨ ਘਰ ਵਿਚ ਨਹੀਂ ਸਨ ਅਤੇ ਪੁਲੀਸ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ ਸੀ। ਇਸ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਬਚਣ ਲਈ ਡੀਜੀਪੀ ਸੈਣੀ ਨੇ ਅਪਣੀ ਜ਼ਮਾਨਤ ਲਈ ਮੋਹਾਲੀ ਅਦਾਲਤ 'ਚ ਅਰਜ਼ੀ ਦਿੱਤੀ ਸੀ ਜਿਸ ‘ਤੇ ਸੁਣਵਾਈ ਕਰਦਿਆਂ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਲੋਂ 25 ਅਗੱਸਤ ਨੂੰ ਸੈਣੀ ਦੀ ਗ੍ਰਿਫ਼ਤਾਰੀ ਤੇ 27 ਅਗੱਸਤ ਤਕ ਰੋਕ ਲਗਾ ਦਿੱਤੀ ਗਈ ਸੀ।