ਸਰਕਾਰੀ ਕਾਲਜ ਬਚਾਉ ਮੰਚ ਨੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਕੀਤੀ ਮੁਲਾਕਾਤ
ਮੰਗਾਂ ਸਬੰਧੀ ਸੌਪਿਆ ਮੰਗ ਪੱਤਰ
ਚੰਡੀਗੜ੍ਹ : ਅੱਜ ਸਰਕਾਰੀ ਕਾਲਜ ਬਚਾਉ ਮੰਚ, ਪੰਜਾਬ ਦੇ ਆਗੂਆਂ ਵੱਲੋਂ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਮਿਲਕੇ ਆਪਣੀਆਂ ਮੰਗਾ ਸਬੰਧੀ ਜਾਣੂ ਕਰਵਾਇਆ ਗਿਆ ਤੇ ਮੰਗ ਪੱਤਰ ਸੌੰਪਿਆ ਗਿਆ। ਇਸਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਰਾਜਸੀ ਸਲਾਹਕਾਰ ਡਾ. ਅਮਰ ਸਿੰਘ ਨੂੰ ਵੀ ਆਪਣੀਆਂ ਮੰਗਾ ਸਬੰਧੀ ਜਾਣੂ ਕਰਵਾਇਆ ਗਿਆ।
ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਮੰਚ ਦੇ ਆਗੂਆਂ ਡਾ. ਰਵੀਦਿੱਤ ਸਿੰਘ ਤੇ ਸੰਦੀਪ ਕੁਮਾਰ ਨੇ ਕਿਹਾ ਕਿ ਸਰਕਾਰੀ ਕਾਲਜ ਬਚਾਉ ਮੰਚ, ਪੰਜਾਬ ਪਿਛਲੇ ਸਮੇਂ ਤੋਂ ਲਗਾਤਾਰ ਨਿਘਾਰ ਵੱਲ ਜਾ ਰਹੀ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਬਚਾਉਣ ਲਈ ਸੰਘਰਸ਼ਸੀਲ ਹੈ। ਇਸੇ ਲੜੀ ਦੇ ਮੱਦੇਨਜ਼ਰ ਮੰਚ ਵੱਲੋਂ ਅੱਜ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੰਜਾਬ ਯੂਨੀਵਰਸਿਟੀ ਅੰਦਰ ਮਿਲਕੇ ਮੰਗ ਪੱਤਰ ਸੌੰਪਿਆ ਗਿਆ।
ਉਹਨਾਂ ਕਿਹਾ ਕਿ ਬਦਲ-ਬਦਲ ਕੇ ਆਉਂਦੀਆ ਸਰਕਾਰਾਂ ਵੱਲੋਂ ਉਚੇਰੀ ਸਿੱਖਿਆ ਖਾਸ ਕਰ ਪੰਜਾਬ ਦੇ ਸਰਕਾਰੀ ਕਾਲਜਾਂ, ਯੂਨੀਵਰਸਿਟੀਆਂ ਤੇ ਕਾਂਸਟੀਚੂਏਂਟ ਕਾਲਜਾਂ ਦੀ ਲਗਾਤਾਰ ਅਣਦੇਖੀ ਕੀਤੀ ਗਈ ਹੈ। ਸਿੱਟੇ ਵਜੋਂ ਇਹਨਾਂ ਕਾਲਜਾਂ 'ਚ ਲਗਭਗ ਪਿਛਲੇ ਪੱਚੀ ਸਾਲ ਤੋਂ ਪੱਕੀ ਭਰਤੀ ਨਾ ਹੋਣ ਕਾਰਨ, ਅਧਿਆਪਕਾਂ ਦੀਆਂ 1500 ਦੇ ਕਰੀਬ ਪੋਸਟਾਂ ਖਾਲੀ ਹਨ।
ਇਸੇ ਤਰਾਂ ਯੂਨੀਵਰਸਿਟੀਆਂ ਨੂੰ ਗਰਾਂਟਾਂ ਦੇਣ ਤੋੰ ਹੱਥ ਪਿਛਾਂਹ ਖਿੱਚਣ ਕਾਰਨ ਯੂਨੀਵਰਸਿਟੀਆਂ ਤੇ ਉਹਨਾਂ ਨਾਲ ਸਬੰਧਿਤ ਹੋਰ ਵਿਦਿਅਕ ਅਦਾਰੇ ਅਧਿਆਪਕਾਂ ਦੀ ਭਾਰੀ ਘਾਟ ਨਾਲ ਜੂਝ ਰਹੇ ਹਨ। ਦੂਜੇ ਪਾਸੇ ਯੂ.ਜੀ.ਸੀ. ਨੈੱਟ, ਪੀ.ਐਚ.ਡੀ. ਵਰਗੀਆਂ ਡਿਗਰੀਆਂ ਕਰਕੇ ਵੀ ਹਜਾਰਾਂ ਨੌਜਵਾਨ ਬੇਰੁਜਗਾਰ ਭਟਕ ਰਹੇ ਹਨ ਜਾਂ ਪ੍ਰਾਈਵੇਟ ਜਾਂ ਸਰਕਾਰੀ ਸੰਸਥਾਵਾਂ ਅੰਦਰ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨ ਲਈ ਮਜਬੂਰ ਹਨ।
ਦੂਜੇ ਪਾਸੇ ਪੀ.ਟੀ.ਏ. ਫੰਡਾਂ ਅਤੇ ਸੈਲਫ ਫਾਇਨਾਂਸ ਕੋਰਸਾਂ ਦੇ ਨਾਮ ਉੱਤੇ ਵਿਦਿਆਰਥੀਆਂ ਦੀ ਭਾਰੀ ਆਰਥਿਕ ਲੁੱਟ ਹੋ ਰਹੀ ਹੈ। ਉਹਨਾਂ ਆਪਣੇ ਮੰਗ ਪੱਤਰ ਰਾਹੀਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਕਾਲਜਾਂ ਅੰਦਰ ਪੱਕੀ ਭਰਤੀ ਕੀਤੀ ਜਾਵੇ, ਇਸ ਭਰਤੀ ਲਈ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇ, ਨਵੇਂ ਕੋਰਸ ਸਥਾਪਿਤ ਕਰਕੇ ਅਸਾਮੀਆਂ ਦੀ ਗਿਣਤੀ ਵਧਾਈ ਜਾਵੇ, ਨਵੇਂ ਸਰਕਾਰੀ ਕਾਲਜ ਖੋਹਲੇ ਜਾਣ ਤੇ ਉੱਥੇ ਪੱਕੇ ਅਧਿਆਪਕ ਨਿਯੁਕਤ ਕੀਤੇ ਜਾਣ, ਪੀ.ਟੀ.ਏ. ਫੰਡਾਂ, ਸੈਲਫ ਫਾਇਨਾਂਸ ਕੋਰਸਾਂ ਦੇ ਨਾਮ ਤੇ ਵਿਦਿਆਰਥੀਆਂ ਦੀ ਲੁੱਟ ਬੰਦ ਕੀਤੀ ਜਾਵੇ।
ਯੂਨੀਵਰਸਿਟੀ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਾਜਸੀ ਸਲਾਹਕਾਰ ਡਾ. ਅਮਰ ਸਿੰਘ ਨੂੰ ਵੀ ਉਪਰੋਕਤ ਮੰਗਾਂ ਤੋਂ ਜਾਣੂ ਕਰਵਾਇਆ ਗਿਆ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਸਬੰਧੀ ਆ ਰਹੇ ਵਿਧਾਨ ਸਭਾ ਸ਼ੈਸ਼ਨ, ਅਧਿਆਪਕ ਦਿਵਸ ਅਤੇ ਸਰਕਾਰ ਵੱਲੋਂ ਰੁਜਗਾਰ ਮੇਲਿਆਂ ਦੇ ਕੀਤੇ ਜਾ ਰਹੇ ਖੇਖਣਾਂ ਮੌਕੇ ਵਿਸ਼ੇਸ਼ ਤੌਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਸਮੇਂ ਮੰਚ ਦੇ ਆਗੂ ਡਾ. ਗੁਰਦੀਪ ਸਿੰਘ, ਸੰਦੀਪ ਕੁਮਾਰ, ਅੰਮ੍ਰਿਤਪਾਲ ਸਿੰਘ, ਯੋਗੇਸ਼ ਕੁਮਾਰ, ਜਗਵਿੰਦਰ ਸਿੰਘ, ਬਲਵਿੰਦਰ ਸਿੰਘ ਚਾਹਲ ਤੇ ਮਨਪ੍ਰੀਤ ਜਸ ਵੀ ਮੌਜੂਦ ਸਨ।
ਸੰਪਰਕ: 9463196341
9872766646
9888900725