ਹਰੀਸ਼ ਰਾਵਤ ਚੰਡੀਗੜ੍ਹ ਪੁੱਜੇ, ਨਵਜੋਤ ਸਿੱਧੂ ਤੇ ਕਾਰਜਕਾਰੀ ਪ੍ਰਧਾਨਾਂ ਨਾਲ ਕੀਤੀ ਗੱਲਬਾਤ
ਹਰੀਸ਼ ਰਾਵਤ ਚੰਡੀਗੜ੍ਹ ਪੁੱਜੇ, ਨਵਜੋਤ ਸਿੱਧੂ ਤੇ ਕਾਰਜਕਾਰੀ ਪ੍ਰਧਾਨਾਂ ਨਾਲ ਕੀਤੀ ਗੱਲਬਾਤ
ਪ੍ਰਗਟ ਸਿੰਘ ਵੀ ਮੀਟਿੰਗ ਵਿਚ ਸਨ ਮੌਜੂਦ, ਪਾਰਟੀ ਦੇ ਕੰਮਾਂ ਤੇ 18 ਨੁਕਾਤ ਏਜੰਡੇ ਨੂੰ ਲੈ ਕੇ ਕੀਤੀ ਮੁਢਲੀ ਚਰਚਾ
ਚੰਡੀਗੜ੍ਹ, 31 ਅਗੱਸਤ (ਗੁਰਉਪਦੇਸ਼ ਭੁੱਲਰ): ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਸੰਕਟ ਬਾਰੇ ਵਿਚਾਰ ਵਟਾਂਦਰਾ ਕਰ ਕੇ ਮਸਲੇ ਦੇ ਹੱਲ ਲਈ ਪੰਜਾਬ ਕਾਂਗਰਸ ਪ੍ਰਧਾਨ ਹਰੀਸ਼ ਰਾਵਤ ਅੱਜ ਸ਼ਾਮ ਚੰਡੀਗੜ੍ਹ ਪਹੁੰਚ ਗਏ ਹਨ | ਉਹ ਪੰਜਾਬ ਕਾਂਗਰਸ ਭਵਨ ਪੁੱਜੇ ਅਤੇ ਪਾਰਟੀ ਆਗੂਆਂ ਨਾਲ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਗੱਲਬਾਤ ਸ਼ੁਰੂ ਕਰ ਦਿਤੀ ਹੈ | ਉਨ੍ਹਾਂ ਅੱਜ ਸੱਭ ਤੋਂ ਪਹਿਲਾਂ ਪਾਰਟੀ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ ਨਾਲ ਮੁਢਲੀ ਗੱਲਬਾਤ ਕਰ ਕੇ ਪਾਰਟੀ ਦੇ ਕੰਮਾਂ ਤੇ 18 ਨੁਕਾਤੀ ਏਜੰਡੇ ਨੂੰ ਲੈ ਕੇ ਗੱਲਬਾਤ ਕੀਤੀ ਹੈ |
ਇਸ ਮੌਕੇ ਕੁਲਜੀਤ ਨਾਗਰਾ ਅਤੇ ਜਨਰਲ ਸਕੱਤਰ ਪ੍ਰਗਟ ਸਿੰਘ ਵੀ ਮੌਜੂਦ ਸਨ | ਉਨ੍ਹਾਂ ਨੇ ਸਾਰੇ ਆਗੂਆਂ ਨੂੰ ਇਕਜੁਟ ਹੋ ਕੇ ਕੰਮ ਕਰਨ ਦੀ ਹੀ ਨਸੀਹਤ ਦਿਤੀ ਹੈ | ਉਨ੍ਹਾਂ ਕਿਹਾ ਕਿ ਮੀਡੀਆ ਵਿਚ ਜਾਣ ਦੀ ਥਾਂ ਮੇਰੇ ਨਾਲ ਜਾਂ ਦਿੱਲੀ ਸਿੱਧੀ ਹਾਈਕਮਾਨ ਨਾਲ ਗੱਲ ਕੀਤੀ ਜਾ ਸਕਦੀ ਹੈ | ਰਾਵਤ ਵਲੋਂ ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ ਤੋਂ ਇਲਾਵਾ ਮੁੱਖ ਮੰਤਰੀ ਨੂੰ ਵੀ ਮਿਲਣ ਦਾ ਪੋ੍ਰਗਰਾਮ ਹੈ | ਉਹ ਕਲ੍ਹ ਵੀ ਚੰਡੀਗੜ੍ਹ ਰਹਿਣਗੇ ਅਤੇ ਸੱਭ ਨੂੰ ਮਿਲਣ ਬਾਅਦ ਹਾਈਕਮਾਨ ਦਾ ਸੰਦੇਸ਼ ਦੇ ਕੇ ਵਾਪਸ ਪਰਤਣਗੇ |