ਮੁੱਖ ਮੰਤਰੀ ਨੂੰ  ਤਲਬ ਕਰਨ 'ਤੇ ਬੋਲੇ ਰਵਨੀਤ ਸਿੰਘ ਬਿੱਟੂ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੂੰ  ਤਲਬ ਕਰਨ 'ਤੇ ਬੋਲੇ ਰਵਨੀਤ ਸਿੰਘ ਬਿੱਟੂ

image


'ਜਣਾ-ਖਣਾ ਅਕਾਲ ਤਖ਼ਤ ਦਾ 'ਜਥੇਦਾਰ' ਬਣਿਆ ਫਿਰਦੈ'

ਚੰਡੀਗੜ੍ਹ, 31 ਅਗੱਸਤ (ਭੁੱਲਰ): ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਬਰਗਾੜੀ ਮੋਰਚਾ ਖ਼ਤਮ ਕਰਵਾਏ ਜਾਣ ਦੇ ਮਾਮਲੇ ਵਿਚ ਕੁੱਝ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਤੋਂ ਬਾਅਦ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਹੁਣ ਮੁੱਖ ਮੰਤਰੀ ਕੇਪਟਨ ਅਮਰਿੰਦਰ ਸਿੰਘ ਨੂੰ  ਅਕਾਲ ਤਖ਼ਤ ਸਾਹਿਬ ਉਪਰ ਸਪੱਸ਼ਟੀਕਰਨ ਲਈ ਤਲਬ ਕੀਤੇ ਜਾਣ ਬਾਰੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਖ਼ਤ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ |
ਅੱਜ ਇਥੇ ਸਵਰਗੀ ਬੇਅੰਤ ਸਿੰਘ ਦੀ ਬਰਸੀ ਮੌਕੇ ਪਹੁੰਚੇ ਬਿੱਟੂ ਨੇ ਇਸ ਸਬੰਧ ਵਿਚ ਪੱਤਰਕਾਰਾਂ ਵਲੋਂ ਪੁਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੈਨੂੰ ਤਾਂ ਇਹ ਸਮਝ ਹੀ ਨਹੀਂ ਆਉਂਦੀ ਕਿ ਅਕਾਲ ਤਖ਼ਤ ਸਾਹਿਬ ਦਾ 'ਜਥੇਦਾਰ' ਕੌਣ ਹਨ? ਉਨ੍ਹਾਂ ਕਿਹਾ ਕਿ ਇਹਨੀਂ ਦਿਨੀਂ ਤਾਂ ਜਣਾ-ਖਣਾ ਜਥੇਦਾਰ ਬਣਿਆ ਫਿਰਦਾ ਹੈ | ਮੰਡ ਅਪਣੇ ਆਪ ਨੂੰ  'ਜਥੇਦਾਰ' ਦਸ ਰਹੇ ਹਨ, ਜਗਤਾਰ ਸਿੰਘ ਹਵਾਰਾ ਵੀ ਅਪਣੇ ਆਪ ਨੂੰ  'ਜਥੇਦਾਰ' ਕਹਿੰਦਾ ਹੈ ਤੇ ਰਾਜੋਆਣਾ 
ਨੂੰ ਵੀ 'ਜਥੇਦਾਰ' ਕਿਹਾ ਜਾ ਰਿਹਾ ਹੈ | ਕੁੱਝ ਅਤਿਵਾਦੀ ਚਾਰ ਲੋਕਾਂ ਨੂੰ  ਅਪਣੇ ਨਾਲ ਲਾ ਕੇ 'ਜਥੇਦਾਰ' ਬਣੇ ਹੋਏ ਹਨ | ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਤੇ ਅਕਾਲ ਤਖ਼ਤ ਸਾਹਿਬ ਦੇ ਅਸਲੀ ਜਥੇਦਾਰ ਉਥੇ ਬੈਠੇ ਕੀ ਕਰ ਰਹੇ ਹਨ? ਅਜਿਹੇ ਅਖੌਤੀ ਜਥੇਦਾਰਾਂ ਨੂੰ  ਤਖ਼ਤ 'ਤੇ ਤਲਬ ਕਿਉਂ ਨਹੀਂ ਕਰਦੇ? ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਿੱਖਾਂ ਦੇ ਪੰਥਕ ਵਿਸ਼ਵਾਸ ਨੂੰ  ਵੀ ਸੱਟ ਵਜਦੀ ਹੈ | ਬਿੱਟੂ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਕਾਇਮ ਮੁਕਾਮ ਜਥੇਦਾਰ ਨੂੰ  ਇਸ ਬਾਰੇ ਜ਼ਰੂਰ ਸਪੱਸ਼ਟ ਕਰਨਾ ਚਾਹੀਦਾ ਹੈ |