ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਪੰਜਾਬ ਯੂਨੀਵਰਸਟੀ ਸੈਨੇਟ ਚੋਣਾਂ ਕਰਵਾਏ ਜਾਣ ਦੀ ਮੰਗ ਦਾ ਸਮਰਥਨ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਪੰਜਾਬ ਯੂਨੀਵਰਸਟੀ ਸੈਨੇਟ ਚੋਣਾਂ ਕਰਵਾਏ ਜਾਣ ਦੀ ਮੰਗ ਦਾ ਸਮਰਥਨ

image

ਚੰਡੀਗੜ੍ਹ, 31 ਅਗੱਸਤ (ਨਰਿੰਦਰ ਸਿੰਘ ਝਾਂਮਪੁਰ) : ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੀਆਂ ਲਗਾਤਾਰ ਟਾਲੀਆਂ ਜਾ ਰਹੀਆਂ ਸੈਨੇਟ ਚੋਣਾਂ ਨੂੰ ਤੁਰਤ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਉਪ-ਕੁਲਪਤੀ (ਵੀ.ਸੀ) ਦਫ਼ਤਰ ਅੱਗੇ ਵਿਦਿਆਰਥੀਆਂ ਵਲੋਂ ਲਾਏ ਧਰਨੇ ਦਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੁਰਜ਼ੋਰ ਸਮਰਥਨ ਕੀਤਾ ਹੈ। 
ਵਿਦਿਆਰਥੀਆਂ ਦੇ ਧਰਨੇ ਨੂੰ ਹਮਾਇਤ ਦੇਣ ਲਈ ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਦੇ ਯੂਥ ਆਗੂਆਂ ਨੇ ਮੰਗਲਵਾਰ ਵਿਦਿਅਰਥੀਆਂ ਦੇ ਧਰਨੇ ’ਚ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। 
ਇਸ ਮੌਕੇ ਸ. ਢੀਂਡਸਾ ਨੇ ਉਪ- ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਟੀ ਦੇ ਕੁਲਪਤੀ ਸ਼੍ਰੀ ਵੈਂਕਈਆ ਨਾਇਡੂ ਨੂੰ ਵਿਦਿਆਰਥੀਆਂ ਦੀਆਂ ਵਾਜਬ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਸ. ਢੀਂਡਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮੁੱਦਿਆਂ ਦੇ ਹੱਲ ਲਈ ਕੇਂਦਰ ਸਰਕਾਰ ੱਤੇ ਦਬਾਅ ਪਾਉਣ ਦੀ ਮੰਗ ਕੀਤੀ ਹੈ। 
ਸ. ਮਨਪ੍ਰੀਤ ਸਿੰਘ ਤਲਵੰਡੀ ਨੇ ਕਿਹਾ ਕਿ ਸਿਖਿਆ ਖੇਤਰ ਵਿਚ ਪੰਜਾਬ ਯੂਨੀਵਰਸਟੀ ਦਾ ਇਕ ਸ਼ਾਨਾਮੱਤਾ ਇਤਿਹਾਸ ਹੈ। ਇਸ ਯੂਨੀਵਰਸਟੀ ਤੋਂ ਸਿਖਿਆ ਹਾਸਲ ਕਰਨ ਵਾਲਿਆਂ ਨੇ ਵਿਸ਼ਵ ਪੱਧਰ ਤਕ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਯੂਨੀਵਰਸਟੀ ਦੇ ਸਭਿਆਚਾਰ ਅਤੇ ਕਾਰਜਪ੍ਰਣਾਲੀ ਵਿਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਹੈ ਅਤੇ ਢੁਕਵਾਂ ਵਿੱਦਿਅਕ ਮਾਹੌਲ ਪ੍ਰਦਾਨ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ।  ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਸਮੁੱਚੇ ਯੂਥ ਵਿੰਗ ਦੇ ਆਗੂਆਂ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਲਈ ਜਲਦ ਤੋਂ ਜਲਦ ਚੋਣਾਂ ਕਰਵਾਏ ਜਾਣ ਅਤੇ ਸੈਨੇਟ ਦੀ ਲੋਕਤੰਤਰਿਕ ਪ੍ਰਣਾਲੀ ਬਹਾਲ ਕੀਤੇ ਜਾਣ ਦੀ ਮੰਗ ਕੀਤੀ।
ਐਸਏਐਸ-ਨਰਿੰਦਰ-31-4