6 ਮਹੀਨਿਆਂ ਵਿਚ ਲੱਗਿਆ ਪੰਜਾਬ ’ਚ ਤੀਜਾ ADGP ਲਾਅ ਐਂਡ ਆਰਡਰ, ਹੁਣ ਅਰਪਿਤ ਸ਼ੁਕਲਾ ਨੂੰ ਮਿਲੀ ਜ਼ਿੰਮੇਵਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਨੇ ਬੀਤੇ ਦਿਨ ਏਡੀਜੀਪੀ ਲਾਅ ਐਂਡ ਆਰਡਰ ਸਣੇ 54 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।

Arpit Shukla is new Punjab ADGP law and order

 

ਚੰਡੀਗੜ੍ਹ: ਪੰਜਾਬ ਵਿਚ ਮੌਜੂਦਾ ਅਮਨ-ਕਾਨੂੰਨ ਦੀ ਸਥਿਤੀ ਦੇ ਚਲਦਿਆਂ 6 ਮਹੀਨਿਆਂ ਵਿਚ ਤੀਜੇ ਏਡੀਜੀਪੀ ਨੂੰ ਨਿਯੁਕਤ ਕੀਤਾ ਗਿਆ ਹੈ। ਪਹਿਲਾਂ ਨਰੇਸ਼ ਅਰੋੜਾ ਏਡੀਜੀਪੀ ਲਾਅ ਐਂਡ ਆਰਡਰ ਸਨ, ਜਿਨ੍ਹਾਂ ਦੀ ਥਾਂ ਆਮ ਆਦਮੀ ਪਾਰਟੀ ਸਰਕਾਰ ਨੇ ਈਸ਼ਵਰ ਸਿੰਘ ਨੂੰ ਨਿਯੁਕਤ ਕੀਤਾ ਸੀ। ਇਸ ਮਗਰੋਂ ਹੁਣ ਅਰਪਿਤ ਸ਼ੁਕਲਾ ਨੂੰ ਏਡੀਜੀਪੀ ਲਾਅ ਐਂਡ ਆਰਡਰ ਵਜੋਂ ਤਾਇਨਾਤ ਕੀਤਾ ਗਿਆ ਹੈ। ਸਰਕਾਰ ਨੇ ਬੀਤੇ ਦਿਨ ਏਡੀਜੀਪੀ ਲਾਅ ਐਂਡ ਆਰਡਰ ਸਣੇ 54 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।

ਡਾ. ਨਰੇਸ਼ ਅਰੋੜਾ ਦੀ ਨਿਯੁਕਤੀ ਤਤਕਾਲੀ ਕਾਂਗਰਸ ਸਰਕਾਰ ਨੇ ਦਸੰਬਰ ਵਿਚ ਕੀਤੀ ਸੀ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਕੁਤਾਹੀ ਹੋਈ ਸੀ ਤਾਂ ਨਰੇਸ਼ ਏਡੀਜੀਪੀ ਲਾਅ ਐਂਡ ਆਰਡਰ ਸਨ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਸੱਤਾ ਵਿਚ ਆਈ। ਉਹਨਾਂ ਨੇ 21 ਮਈ ਨੂੰ ਨਰੇਸ਼ ਅਰੋੜਾ ਨੂੰ ਅਹੁਦੇ ਤੋਂ ਹਟਾ ਦਿੱਤਾ, ਇਹ ਅਹੁਦਾ ਕਰੀਬ 7 ਦਿਨਾਂ ਤੱਕ ਖਾਲੀ ਰਿਹਾ। ਇਸੇ ਦੌਰਾਨ 29 ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ। 31 ਮਈ ਨੂੰ ਈਸ਼ਵਰ ਸਿੰਘ ਨੂੰ ਏਡੀਜੀਪੀ ਲਾਅ ਐਂਡ ਆਰਡਰ ਵਜੋਂ ਤਾਇਨਾਤ ਕੀਤਾ ਗਿਆ ਸੀ। ਉਹ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਵਿਚ ਇਸ ਅਹੁਦੇ ’ਤੇ ਰਹਿ ਚੁੱਕੇ ਹਨ। ਹੁਣ ਇਹ ਚਾਰਜ ਅਰਪਿਤ ਸ਼ੁਕਲਾ ਨੂੰ ਦੇ ਦਿੱਤਾ ਗਿਆ ਹੈ।

'ਆਪ' ਸਰਕਾਰ ਨੇ ਕਾਨੂੰਨ ਵਿਵਸਥਾ 'ਚ ਆਈਜੀ ਸ਼ਿਵ ਕੁਮਾਰ ਵਰਮਾ ਨੂੰ ਵੀ ਨਿਯੁਕਤ ਕੀਤਾ ਹੈ। ਉਹ ਹੁਣ ਤੱਕ ਬਠਿੰਡਾ ਰੇਂਜ ਦੇ ਆਈਜੀ ਸਨ। ਉਹਨਾਂ ਤੋਂ ਇਲਾਵਾ ਕੌਸਤੁਭ ਸ਼ਰਮਾ ਨੂੰ ਹੁਣ ਆਈਜੀ ਹਿਊਮਨ ਰਾਈਟਸ ਦਾ ਚਾਰਜ ਦੇ ਕੇ ਪੁਲਿਸ ਕਮਿਸ਼ਨਰ ਲੁਧਿਆਣਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜਦਕਿ ਏਡੀਜੀਪੀ ਈਸ਼ਵਰ ਸਿੰਘ ਏਡੀਜੀਪੀ ਐਚਆਰਡੀ ਅਤੇ ਵੈਲਫੇਅਰ ਹੋਣਗੇ। ਸ਼ਸ਼ੀ ਪ੍ਰਭਾ ਦਿਵੇਦੀ ਨੂੰ ਏਡੀਜੀਪੀ ਰੇਲਵੇ, ਪ੍ਰਵੀਨ ਸਿਨਹਾ ਨੂੰ ਏਡੀਜੀਪੀ ਸਾਈਬਰ ਕ੍ਰਾਈਮ ਲਗਾਇਆ ਗਿਆ ਹੈ।