ਲੁਧਿਆਣਾ ’ਚ ਵਧੇ ਡੇਂਗੂ ਦੇ ਮਾਮਲੇ, ਮੁਫ਼ਤ ਕੀਤੇ ਜਾ ਰਹੇ ਐਂਟੀਜੇਨ ਟੈਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾਕਟਰਾਂ ਦੀਆਂ ਵੱਖ-ਵੱਖ ਟੀਮਾਂ ਗਠਿਤ ਕਰਕੇ ਲੋਕਾਂ ਕਰਵਾਇਆ ਜਾ ਰਿਹਾ ਜਾਣੂ

Dengue cases increased in Ludhiana

ਲੁਧਿਆਣਾ: ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣੇ 'ਚ ਡੇਂਗੂ ਨੇ ਦਸਤਕ ਦੇ ਦਿੱਤੀ ਹੈ। ਜ਼ਿਲ੍ਹੇ ’ਚ 789 ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 23 ਮਰੀਜ਼ਾਂ ਦੇ ਸੈਂਪਲ ਪਾਜ਼ੀਟਿਵ ਆਏ ਹਨ। ਲੁਧਿਆਣਾ ਦੇ ਸਰਕਾਰੀ ਹਸਪਤਾਲਾਂ ’ਚ ਐਂਟੀਜੇਨ ਟੈਸਟ ਮੁਫ਼ਤ ’ਚ ਕੀਤੇ ਜਾ ਰਹੇ ਹਨ। ਪਹਿਲੇ ਟੈਸਟ ਤੋਂ ਬਾਅਦ ਦੂਜਾ ਟੈਸਟ ਇਕ ਹਫ਼ਤੇ ਬਾਅਦ ਕੀਤਾ ਜਾ ਰਿਹਾ ਹੈ। 

ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਭਾਵੇਂ ਸ਼ੱਕੀ ਮਰੀਜ਼ ਸਰਕਾਰੀ ਹਸਪਤਾਲ ਤੋਂ ਆਇਆ ਹੋਵੇ ਜਾਂ ਫ਼ਿਰ ਨਿੱਜੀ ਹਸਪਤਾਲ ਤੋਂ, ਉਨ੍ਹਾਂ ਦਾ ਟੈਸਟ ਮੁਫ਼ਤ ਕੀਤਾ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਸੀਂ ਟੀਮਾਂ ਦਾ ਵੀ ਗਠਨ ਕੀਤਾ ਹੈ, ਜਿਹੜੀਆਂ ਘਰੋਂ-ਘਰ ਜਾ ਕੇ ਇਸ ਸੰਬੰਧੀ ਲੋਕਾਂ ਨੂੰ ਸਾਵਧਾਨੀਆਂ ਰੱਖਣ ਲਈ ਜਾਣੂ ਕਰਵਾ ਰਹੀਆਂ ਹਨ।  

ਸਿਵਲ ਸਰਜਨ ਨੇ ਕਿਹਾ ਕਿ ਡੇਂਗੂ ਮੱਛਰ ਪਾਣੀ ’ਚ ਪੈਦਾ ਹੁੰਦਾ ਹੈ ਇਸੇ ਕਰਕੇ ਲੋਕ ਸਾਵਧਾਨੀ ਵਰਤਣ। ਉਨ੍ਹਾਂ ਕਿਹਾ ਕੇ ਲੋਕ ਆਪਣੇ ਕੂਲਰ ਫਰਿੱਜ ਆਦਿ ਦੀ ਸਫ਼ਾਈ ਰੱਖਣ।  ਸਿਵਲ ਹਸਪਤਾਲ ਦੇ ਨਾਲ ਸਬ-ਸੈਂਟਰਾਂ ’ਤੇ ਵੀ ਡਾਕਟਰਾਂ ਨੂੰ ਸੁਨੇਹੇ ਲਾ ਦਿੱਤੇ ਗਏ ਹਨ।

ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ 2 ਮਹੀਨੇ ਡੇਂਗੂ ਦਾ ਸੀਜ਼ਨ ਹੁੰਦਾ ਹੈ ਇਸ ਕਰਕੇ ਸਾਡੀ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣਾ ਆਲਾ-ਦੁਆਲਾ ਸਾਫ਼ ਰੱਖਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਡੇਂਗੂ ਦੇ ਲੱਛਣ ਮਹਿਸੂਸ ਹੁੰਦੇ ਹਨ, ਤਾਂ ਇਸ ਦਾ ਟੈਸਟ ਜ਼ਰੂਰ ਕਰਵਾਇਆ ਜਾਵੇ ਤਾਂ ਜੋ ਸਮਾਂ ਰਹਿੰਦਿਆਂ ਮਰੀਜ਼ ਦਾ ਇਲਾਜ ਕੀਤਾ ਜਾ ਸਕੇ। ਬੁਖਾਰ, ਜੋੜਾਂ ’ਚ ਦਰਦ, ਕਮਜ਼ੋਰੀ ਆਦਿ ਇਸ ਦੇ ਲੱਛਣ ਹਨ ਇਨ੍ਹਾਂ ਤੋਂ ਚੌਕੰਨੇ ਰਹਿਣ ਦੀ ਖ਼ਾਸ ਲੋੜ ਹੈ।