ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
ਨਸ਼ਿਆਂ ਨਾਲ ਹਰ ਰੋਜ਼ ਨੌਜਵਾਨ ਗਵਾ ਰਹੇ ਹਨ ਆਪਣੀਆਂ ਜਾਨਾਂ
ਅੰਮ੍ਰਿਤਸਰ : ਪੰਜਾਬ ਵਿਚ ਨਸ਼ਿਆਂ ਦਾ ਕਹਿਰ ਘਟਣ ਦੀ ਬਜਾਏ ਦਿਨੋਂ ਦਿਨ ਵਧ ਰਿਹਾ ਹੈ। ਹਰ ਦਿਨ ਨੌਜਵਾਨਾਂ ਦੀ ਨਸ਼ਿਆਂ ਦੀ ਓਵਰਡੋਜ਼ (Drug Overdose) ਨਾਲ ਮੌਤ ਹੋ ਜਾਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਇਥੋਂ ਦੇ ਬਘਿਆੜੀ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਗੁਰਜੰਟ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਤਾ ਨਿਰਮਲ ਕੌਰ ਨੇ ਦੱਸਿਆ ਕਿ ਇਲਾਕੇ ’ਚ ਸ਼ਰੇਆਮ ਵਿਕ ਰਹੇ ਚਿੱਟੇ ਕਾਰਨ ਉਨ੍ਹਾਂ ਦਾ ਪੁੱਤ ਨਸ਼ਿਆਂ ਦਾ ਆਦੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਉਸ ਨੇ ਨਵਾਂ ਖਰੀਦਿਆ ਮੋਟਰਸਾਈਕਲ ਵੀ ਗਹਿਣੇ ਪਾ ਦਿੱਤਾ।
ਵਾਰ-ਵਾਰ ਕਹਿਣ ਦੇ ਬਾਵਜੂਦ ਉਹਨਾਂ ਦਾ ਪੁੱਤਰ ਨਸ਼ੇ ਕਰਨ ਤੋਂ ਨਹੀਂ ਹਟਿਆ। ਤੋੜੀ ਵਾਲੇ ਕੋਠੇ ’ਚ ਜਦੋਂ ਉਹ ਨਸ਼ੇ ਦਾ ਟੀਕਾ ਲਗਾ ਰਿਹਾ ਸੀ ਤਾਂ ਓਵਰਡੋਜ਼ ਹੋਣ ਕਰਕੇ ਉਹ ਹੇਠਾਂ ਡਿੱਗ ਪਿਆ। ਜਦੋਂ ਉਸ ਨੂੰ ਬੇਹੋਸ਼ੀ ਦੀ ਹਾਲਤ ’ਚ ਨੇੜਲੇ ਹਸਪਤਾਲ ਚ ਦਾਖਲ ਕਰਵਾਇਆ ਗਿਆ। ਜਿਥੇ ਉਸਦੀ ਮੌਤ ਹੋ ਗਈ।