ਐਂਬੂਲੈਂਸ ਨਾ ਮਿਲਣ ਕਾਰਨ ਗਰਭਵਤੀ ਪਤਨੀ ਨੂੰ ਠੇਲ੍ਹੇ 'ਤੇ ਹਸਪਤਾਲ ਲੈ ਕੇ ਪੁੱਜਾ ਵਿਅਕਤੀ

ਏਜੰਸੀ

ਖ਼ਬਰਾਂ, ਪੰਜਾਬ

ਐਂਬੂਲੈਂਸ ਨਾ ਮਿਲਣ ਕਾਰਨ ਗਰਭਵਤੀ ਪਤਨੀ ਨੂੰ ਠੇਲ੍ਹੇ 'ਤੇ ਹਸਪਤਾਲ ਲੈ ਕੇ ਪੁੱਜਾ ਵਿਅਕਤੀ

image

ਦਮੋਹ, 31 ਅਗੱਸਤ : ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ 'ਚ ਐਂਬੂਲੈਂਸ ਨਾ ਮਿਲਣ 'ਤੇ ਗਰਭਵਤੀ ਪਤਨੀ ਨੂੰ  ਠੇਲ੍ਹੇ 'ਤੇ ਬਿਠਾ ਕੇ ਉਸ ਦਾ ਪਤੀ ਹਸਪਤਾਲ ਪਹੁੰਚਿਆ | ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ | ਘਟਨਾ ਦਮੋਹ ਜ਼ਿਲ੍ਹਾ ਹੈੱਡਕੁਆਰਟਰ ਤੋਂ 60 ਕਿਲੋਮੀਟਰ ਦੂਰ ਸਨੇਹ ਪਿੰਡ ਦੀ ਹੈ | 
ਸੋਸ਼ਲ ਮੀਡੀਆ 'ਤੇ ਘਟਨਾ ਦਾ ਵੀਡੀਉ ਵਾਇਰਲ ਹੋਇਆ ਹੈ, ਜਿਸ 'ਚ ਕੈਲਾਸ਼ ਅਹਿਲਵਾਲ ਅਪਣੀ ਪਤਨੀ ਨੂੰ  ਠੇਲ੍ਹੇ 'ਤੇ ਹਸਪਤਾਲ ਲਿਜਾਂਦਾ ਵਿਖਾਈ ਦੇ ਰਿਹਾ ਹੈ | ਅਹਿਲਵਾਲ ਨੇ ਕਿਹਾ ਕਿ ਮੰਗਲਵਾਰ ਨੂੰ  ਉਸ ਦੀ ਪਤਨੀ ਨੂੰ  ਜਣੇਪੇ ਦੀਆਂ ਦਰਦਾਂ ਹੋਣ ਲਗੀਆਂ ਤਾਂ ਉਸ ਨੇ ਸਰਕਾਰੀ ਐਂਬੂਲੈਂਸ ਸੇਵਾ ਨੂੰ  ਫੋਨ ਕੀਤਾ ਪਰ ਦੋ ਘੰਟੇ ਤਕ ਕੋਈ ਐਂਬੂਲੈਂਸ ਨਹੀਂ ਆਈ | ਜਿਸ ਤੋਂ ਬਾਅਦ ਉਸ ਨੇ ਅਪਣੀ ਪਤਨੀ ਨੂੰ  ਠੇਲ੍ਹੇ 'ਤੇ ਬਿਠਾਇਆ ਅਤੇ ਸਥਾਨਕ ਸਿਹਤ ਕੇਂਦਰ ਲੈ ਗਿਆ, ਜਿਥੇ ਡਾਕਟਰ ਜਾਂ ਨਰਸਾਂ ਮੌਜੂਦ ਨਹੀਂ ਸੀ | ਉਧਰ ਬਲਾਕ ਦੇ ਮੈਡੀਕਲ ਅਧਿਕਾਰੀ ਆਰ. ਪੀ. ਕੋਰੀ ਨੇ ਕਿਹਾ ਕਿ ਉਨ੍ਹਾਂ ਨੂੰ  ਵੀਡੀਉ ਮਿਲ ਗਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ | 
ਉਨ੍ਹਾਂ ਕਿਹਾ ਕਿ ਸਬੰਧਤ ਕਾਮਿਆਂ ਨੂੰ  ਨੋਟਿਸ ਜਾਰੀ ਕੀਤਾ ਜਾਵੇਗਾ ਕਿ ਗਰਭਵਤੀ ਔਰਤ ਨੂੰ  ਹਸਪਤਾਲ ਲੈ ਕੇ ਆਉਣ ਲਈ ਐਂਬੂਲੈਂਸ ਮੁਹਈਆ ਕਿਉਂ ਨਹੀਂ ਕਰਵਾਈ ਗਈ | ਕੋਰੀ ਨੇ ਕਿਹਾ ਕਿ ਬਾਅਦ 'ਚ ਔਰਤ ਨੂੰ  ਸਰਕਾਰੀ ਐਂਬੂਲੈਂਸ 'ਚ ਹੱਟਾ ਲਿਜਾਇਆ ਗਿਆ, ਜਿਥੇ ਸਹੀ ਇਲਾਜ ਨਾ ਮਿਲਣ 'ਤੇ ਉਸ ਨੂੰ  ਦਮੋਹ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਹੁਣ ਉਹ ਡਾਕਟਰੀ ਨਿਗਰਾਨੀ 'ਚ ਹੈ |  (ਏਜੰਸੀ)