ਚੋਣ ਸੂਚੀ ਜਨਤਕ ਨਹੀਂ ਕੀਤੀ ਜਾ ਸਕਦੀ, ਆਨੰਦ ਸ਼ਰਮਾ ਨਾਲ ਗੱਲ ਕੀਤੀ ਹੈ, ਤਿਵਾੜੀ ਨਾਲ ਵੀ ਗੱਲ ਕਰਾਂਗੇ : ਮਿਸਤਰੀ

ਏਜੰਸੀ

ਖ਼ਬਰਾਂ, ਪੰਜਾਬ

ਚੋਣ ਸੂਚੀ ਜਨਤਕ ਨਹੀਂ ਕੀਤੀ ਜਾ ਸਕਦੀ, ਆਨੰਦ ਸ਼ਰਮਾ ਨਾਲ ਗੱਲ ਕੀਤੀ ਹੈ, ਤਿਵਾੜੀ ਨਾਲ ਵੀ ਗੱਲ ਕਰਾਂਗੇ : ਮਿਸਤਰੀ

image

ਨਵੀਂ ਦਿੱਲੀ, 31 ਅਗੱਸਤ : ਕਾਂਗਰਸ ਦੀ ਕੇਂਦਰੀ ਚੋਣ ਅਥਾਰਟੀ (ਸੀ.ਈ.ਏ.) ਦੇ ਮੁਖੀ ਮਧੂਸੂਦਨ ਮਿਸਤਰੀ ਨੇ ਬੁਧਵਾਰ ਨੂੰ  ਕਿਹਾ ਕਿ ਪਾਰਟੀ ਦੇ ਪ੍ਰਧਾਨ ਦੀ ਚੋਣ ਨਾਲ ਸਬੰਧਤ ਸਾਰੀ ਪ੍ਰਕਿਰਿਆ ਨਿਰਪੱਖ, ਪਾਰਦਰਸ਼ੀ ਅਤੇ ਕਾਂਗਰਸ ਦੇ ਸੰਵਿਧਾਨ ਦੇ ਮੁਤਾਬਕ ਹੈ ਅਤੇ ਡੈਲੀਗੇਟਾਂ ਦੀ ਸੂਚੀ ਨੂੰ  ਜਨਤਕ ਨਹੀਂ ਕੀਤਾ ਜਾ ਸਕਦਾ, ਪਰ ਉਮੀਦਵਾਰਾਂ ਨੂੰ  ਉਪਲਬਧ ਕਰਵਾ ਦਿਤੀ ਜਾਵੇਗੀ |
ਉਨ੍ਹਾਂ ਇਹ ਵੀ ਦਸਿਆ ਕਿ ਉਨ੍ਹਾਂ ਨੇ ਇਸ ਪ੍ਰਕਿਰਿਆ ਨਾਲ ਸਬੰਧਤ ਵਿਸ਼ੇ 'ਤੇ ਸੀਨੀਅਰ ਕਾਂਗਰਸੀ ਆਗੂ ਆਨੰਦ ਸ਼ਰਮਾ ਨਾਲ ਗੱਲ ਕੀਤੀ ਹੈ ਅਤੇ ਉਹ ਇਸ ਸਬੰਧੀ ਮਨੀਸ਼ ਤਿਵਾੜੀ ਨਾਲ ਵੀ ਗੱਲ ਕਰਨਗੇ | ਸ਼ਰਮਾ ਨੇ 28 ਅਗੱਸਤ ਨੂੰ  ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਪ੍ਰਧਾਨ ਦੀ ਚੋਣ ਲਈ ਵੋਟਰ ਸੂਚੀਆਂ ਦੀ ਤਿਆਰੀ ਦੀ ਪ੍ਰਕਿਰਿਆ ਬਾਰੇ ਜਾਣਨਾ ਚਾਹਿਆ ਸੀ, ਹਾਲਾਂਕਿ ਬਾਅਦ ਵਿਚ ਪਾਰਟੀ ਨੇ ਕਿਹਾ ਕਿ ਇਸ ਮੀਟਿੰਗ ਵਿਚ ਕਿਸੇ ਵੀ ਆਗੂ ਨੇ ਕੋਈ ਸਵਾਲ ਨਹੀਂ ਉਠਾਇਆ | ਦੂਜੇ ਪਾਸੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਬੁਧਵਾਰ ਨੂੰ  ਚੋਣਾਂ ਨਾਲ ਸਬੰਧਤ ਵੋਟਰ ਸੂਚੀਆਂ ਦੇ ਪ੍ਰਕਾਸ਼ਿਤ ਨਾ ਹੋਣ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਨਿਰਪੱਖ ਅਤੇ ਆਜ਼ਾਦ ਚੋਣਾਂ ਲਈ ਜ਼ਰੂਰੀ ਹੈ ਕਿ ਇਹ ਸੂਚੀ ਪਾਰਟੀ ਦੀ ਵੈੱਬਸਾਈਟ 'ਤੇ ਪਾਈ ਜਾਵੇ |    ਸੂਚੀ ਨੂੰ  ਜਨਤਕ ਕਰਨ ਦੇ ਸਵਾਲ 'ਤੇ ਮਿਸਤਰੀ ਨੇ ਕਿਹਾ, ''ਮੈਨੂੰ ਸਮਝ ਨਹੀਂ ਆ ਰਿਹਾ ਕਿ ਇਸ ਨੂੰ  ਜਨਤਕ ਕਰਨ ਦਾ ਕੀ ਮਤਲਬ ਹੈ? ਕਾਂਗਰਸ ਦੀਆਂ ਸੰਗਠਨ ਚੋਣਾਂ ਵਿਚ ਸਾਰੇ ਲੋਕ ਵੋਟਰ ਨਹੀਂ ਹਨ | ਕਾਂਗਰਸ ਦੇ ਵੋਟਰ ਉਹ ਹਨ ਜੋ ਡੈਲੀਗੇਟ ਹਨ... ਹਰ ਪੀਸੀਸੀ ਕੋਲ ਇਨ੍ਹਾਂ ਦੇ ਨਾਂ ਹਨ | ਉਹ ਫੋਨ ਕਰ ਕੇ ਲੈ ਸਕਦੇ ਹਨ |''     (ਏਜੰਸੀ)