ਗੋਲਡੀ ਬਰਾੜ ਹੈ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਕਾਰ: ਚਾਰਜਸ਼ੀਟ

ਏਜੰਸੀ

ਖ਼ਬਰਾਂ, ਪੰਜਾਬ

26 ਅਗਸਤ ਨੂੰ ਪੰਜਾਬ ਪੁਲਿਸ ਨੇ ਮਾਨਸਾ ਦੀ ਅਦਾਲਤ ਵਿਚ 24 ਮੁਲਜ਼ਮਾਂ ਖ਼ਿਲਾਫ਼ ਇਸ ਮਾਮਲੇ ਦੀ ਪਹਿਲੀ ਚਾਰਜਸ਼ੀਟ ਦਾਖ਼ਲ ਕੀਤੀ ਸੀ।

Sidhu MooseWala, Goldy Brar

 

ਚੰਡੀਗੜ੍ਹ : ਪੰਜਾਬ ਪੁਲਿਸ ਵੱਲੋਂ ਦਰਜ ਚਾਰਜਸ਼ੀਟ ਅਨੁਸਾਰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਕੈਨੇਡਾ 'ਚ ਰਹਿਣ ਵਾਲਾ ਅਪਰਾਧੀ ਗੋਲਡੀ ਬਰਾੜ ਸੀ, ਅਤੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਉਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਕੁਝ ਹੋਰ ਲੋਕਾਂ ਦੀ ਮਦਦ ਲਈ।

ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਦਾ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰ ਕੇ ਵਿਖੇ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਮੂਸੇਵਾਲਾ ਆਪਣੇ ਦੋਸਤਾਂ ਤੇ ਸਾਥੀਆਂ ਨਾਲ ਜੀਪ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਛੇ ਵਿਅਕਤੀਆਂ ਨੇ ਉਸ ਦਾ ਰਾਹ ਰੋਕ ਕੇ ਉਸ ’ਤੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। 26 ਅਗਸਤ ਨੂੰ ਪੰਜਾਬ ਪੁਲਿਸ ਨੇ ਮਾਨਸਾ ਦੀ ਅਦਾਲਤ ਵਿਚ 24 ਮੁਲਜ਼ਮਾਂ ਖ਼ਿਲਾਫ਼ ਇਸ ਮਾਮਲੇ ਦੀ ਪਹਿਲੀ ਚਾਰਜਸ਼ੀਟ ਦਾਖ਼ਲ ਕੀਤੀ ਸੀ।

ਪੁਲਿਸ ਨੇ ਐਫ਼.ਆਈ.ਆਰ. 36 ਲੋਕਾਂ ਖ਼ਿਲਾਫ਼ ਦਰਜ ਕੀਤੀ ਸੀ, ਪਰ ਚਾਰਜਸ਼ੀਟ 24 ਜਣਿਆਂ ਖ਼ਿਲਾਫ਼ ਦਰਜ ਕੀਤੀ ਗਈ ਜਿਹਨਾਂ ਵਿੱਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਦੇ ਨਾਂਅ ਸ਼ਾਮਲ ਹਨ। ਚਾਰਜਸ਼ੀਟ ਮੁਤਾਬਿਕ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਗੋਲਡੀ ਬਰਾੜ ਸੀ, ਅਤੇ ਇਸ 'ਚ ਕਿਹਾ ਗਿਆ ਹੈ ਕਿ ਉਸ ਨੇ 28 ਮਈ ਨੂੰ ਹਮਲਾਵਰਾਂ ਨੂੰ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਬਾਰੇ ਸੂਚਿਤ ਕੀਤਾ ਸੀ ਅਤੇ 29 ਮਈ ਨੂੰ ਉਸ ਦਾ ਕਤਲ ਕਰਨ ਲਈ ਕਿਹਾ ਸੀ। ਮੂਸੇਵਾਲਾ ਸਮੇਤ 424 ਲੋਕਾਂ ਦੀ ਸਰਕਾਰੀ ਸੁਰੱਖਿਆ ਅਰਜ਼ੀ ਤੌਰ 'ਤੇ ਹਟਾ ਦਿੱਤੀ ਸੀ।

ਚਾਰਜਸ਼ੀਟ ਅਨੁਸਾਰ ਗੋਲਡੀ ਬਰਾੜ ਨੇ ਮੁਲਜ਼ਮ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਸਚਿਨ ਭਿਵਾਨੀ, ਅਨਮੋਲ ਬਿਸ਼ਨੋਈ, ਸਚਿਨ ਥਾਪਨ, ਮੋਨੂੰ ਡਾਗਰ, ਪਵਨ ਬਿਸ਼ਨੋਈ ਅਤੇ ਸ਼ੂਟਰਾਂ ਨਾਲ ਤਾਲਮੇਲ ਕਰਕੇ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਉਸ ਨੇ ਹੀ ਹਥਿਆਰ, ਪੈਸੇ, ਕਾਰ, ਫ਼ੋਨ, ਸਿਮ ਕਾਰਡ ਅਤੇ ਹੋਰ ਮੁਲਜ਼ਮਾਂ ਦੀ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਸੀ।

ਚਾਰਜਸ਼ੀਟ ਅਨੁਸਾਰ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਗੋਲਡੀ ਬਰਾੜ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਰਚੀ ਸੀ। ਨੌਜਵਾਨ ਅਕਾਲੀ ਆਗੂ ਮਿੱਡੂਖੇੜਾ ਦਾ ਵੀ ਪਿਛਲੇ ਸਾਲ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਵਿੱਚ ਮੂਸੇਵਾਲੇ ਦੇ ਮੈਨੇਜਰ ਦੱਸੇ ਜਾਂਦੇ ਸ਼ਗਨਪ੍ਰੀਤ ਸਿੰਘ ਦਾ ਨਾਂ ਆਇਆ ਸੀ।