ਕੈਨੇਡਾ ਦਾ ਵੀਜ਼ਾ 6 ਮਹੀਨੇ 'ਚ ਲਗਵਾਉਣ ਦੇ ਨਾਂਅ 'ਤੇ ਟਰੂ ਵੇ ਇਮੀਗ੍ਰੇਸ਼ਨ ਕੰਪਨੀ ਨੇ ਮਾਰੀ ਠੱਗੀ 

ਏਜੰਸੀ

ਖ਼ਬਰਾਂ, ਪੰਜਾਬ

ਲੜਕੀ ਨੇ 2021 'ਚ ਕੰਪਨੀ ਨੂੰ ਦਿੱਤੇ ਸੀ ਸਾਢੇ 9 ਲੱਖ ਰੁਪਏ

Fraud

ਖਰੜ - ਖਰੜ ਦੀ ਇਕ ਇਮੀਗ੍ਰੇਸ਼ ਕੰਪਨੀ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਪਟਿਆਲਾ ਦੀ ਲੜਕੀ ਨਾਲ ਸਾਢੇ 9 ਲੱਖ ਦੀ ਠੱਗੀ ਕੀਤੀ। ਪਟਿਆਲਾ ਦੇ ਪਿੰਡ ਕਸ਼ਿਆਣਾ ਦੇ ਵਾਸੀ ਗੁਰਵਿੰਦਰ ਸਿੰਘ ਦੀ ਭੈਣ ਦਲਜੀਤ ਕੌਰ ਨਾਲ ਚੰਡੀਗੜ੍ਹ ਦੇ ਸੈਕਟਰ 26 ਵਿਚ ਸਥਿਤ ਟਰੂਵੇਅ ਕੰਸਲਟੈਂਟ ਕੰਪਨੀ ਦੇ ਮਾਲਿਕ ਯੁਵਰਾਜ ਸੋਬਤੀ ਵੱਲੋਂ ਕੈਨੇਡਾ ਭੇਜਣ ਦੇ ਨਾਮ ਤੇ ਸਾਢੇ 9 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। 

ਇਸ ਖ਼ਬਰ ਦਾ ਪਤਾ ਲੱਗਣ 'ਤੇ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਟਿਆਲਾ -2 ਵੱਲੋਂ ਖਰੜ ਵਿਖੇ ਏਜੰਟ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ ਤੇ ਜਥੇਬੰਦੀਆਂ ਨੇ ਕਿਹਾ ਕਿ ਉਹ ਉਦੋਂ ਤੱਕ ਧਰਨਾ ਨਹੀਂ ਚੁੱਕਣਗੇ ਜਦੋਂ ਤੱਕ ਲੜਕੀ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। 

ਓਧੜ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮਲਕਪੁਰੀ, ਜ਼ਿਲ੍ਹਾ ਪਟਿਆਲਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਤੇ ਜਗਦੀਪ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਵਾਸੀ ਪਿੰਡ ਕਸ਼ਿਆਣਾ ਜ਼ਿਲ੍ਹਾ ਪਟਿਆਲਾ ਦੀ ਭੈਣ ਦਲਜੀਤ ਕੌਰ ਪੁੱਤਰੀ ਸਵ. ਸਰਵਣ ਸਿੰਘ ਦੀ ਕੈਨੇਡਾ ਭੇਜਣ ਦੀ ਫਾਈਲ ਟਰੂ ਵੇਅ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਯੁਵਰਾਜ ਸਿੰਘ ਸੋਬਤੀ ਨੇ ਲਗਾਈ ਸੀ

ਤੇ ਏਜੰਟ ਨੇ ਪਬਲਿਕ ਕਾਲਜ ਕੈਨੇਡਾ ਵਿਖੇ ਦਾਖਲਾ ਦਿਵਾਉਣ ਦੀ ਗੱਲ ਕਹੀ ਸੀ ਅਤੇ ਉਸ ਵਲੋਂ ਦਿੱਤੇ ਹੋਏ ਐਮ ਕਾਲੇਜ ਮਾਂਟਰੇਲ ਕਨੇਡਾ ਦੇ ਅਕਾਊਂਟ ਵਿੱਚ ਆਪਣੇ ਐਸ ਬੀ ਆਈ ਦੇ ਅਕਾਉਂਟ ਵਿੱਚੋਂ 15449 ਡਾਲਰ ਫੀਸ ਜਮ੍ਹਾਂ ਕਰਵਾਈ ਸੀ। ਫ਼ੀਸ ਜਮ੍ਹਾ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਕਿ ਕੈਨੇਡਾ ਸਰਕਾਰ ਨੇ ਕਾਲਜ ਨੂੰ ਬੰਦ ਕਰ ਦਿੱਤਾ ਹੈ ਪਰ ਉਸ ਤੋਂ ਬਾਅਦ ਵੀ ਏਜੰਟ ਨੇ 6 ਮਹੀਨਿਆਂ ਦਾ ਵੀਜ਼ਾ ਦੇਣ ਦਾ ਝਾਂਸਾ ਦਿੱਤਾ ਤੇ ਨਾ ਵੀਜ਼ਾ ਦਿੱਤਾ ਤੇ ਨਾ ਹੀ ਪੈਸੇ ਵੈਪਸ ਕੀਤੇ। 
ਏਜੰਟ ਵੱਲੋਂ ਇਹ ਧੋਖਾਧੜੀ ਕਰਨ ਦਾ ਮਾਮਲਾ ਜਦੋਂ ਜਥੇਬੰਦੀਆਂ ਕੋਲ ਪਹੁੰਚਿਆ ਤਾਂ ਉਹਨਾਂ ਨੇ ਏਜੰਟ ਦੇ ਘਰ ਬਾਹਰ ਧਰਨਾ ਲਗਾ ਦਿੱਤਾ ਤੇ ਜਥੇਬੰਦੀਆਂ ਨੇ ਕਿਹਾ ਕਿ ਇਨਸਾਫ਼ ਨਾ ਮਿਲਣ ਤੱਕ ਇਹ ਧਰਨਾ ਜਾਰੀ ਰਹੇਗਾ। 

ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਉਸ ਦਾ ਕੋਈ ਸਕਾ ਸਾਕ ਸਬੰਧੀ ਵੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨੇ 2 ਵਾਰ ਆਤਮਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਓਧਰ ਏਜੰਟ ਨੇ ਵੀ ਅਪਣਾ ਪੱਖ ਰੱਖਿਆ ਹੈ ਤੇ ਕਿਹਾ ਹੈ ਕਿ ਕੈਨੇਡਾ ਸਰਕਾਰ ਨੇ ਉਕਤ ਕਾਲਜ ਦੇ ਨਾਲ-ਨਾਲ ਹੋਰ ਵੀ ਕਈ ਕਾਲਜ ਬੰਦ ਕਰ ਦਿੱਤੇ ਹਨ ਪਰ ਉਹਨਾਂ ਵੱਲੋਂ ਪੂਰੀ ਕਾਰਵਾਈ ਕੀਤੀ ਗਈ ਹੈ। ਉਸ ਨੇ ਕਿਹਾ ਕਿ ਹੁਣ ਜੇ ਕੈਨੇਡਾ ਸਰਕਾਰ ਕਈ ਫ਼ੈਸਲਾ ਲਵੇਗੀ ਤਾਂ ਹੀ ਵਿਦਿਆਰਥੀਆਂ ਦਾ ਕੁੱਝ ਬਣੇਗਾ।