ਚੋਣ ਕਮਿਸ਼ਨ ਵੱਲੋਂ MP ਅੰਮ੍ਰਿਤਪਾਲ ਸਿੰਘ ਨੂੰ ਉਪ-ਰਾਸ਼ਟਰਪਤੀ ਚੋਣ 2025 ਦੇ ਸਬੰਧ ‘ਚ ਪੋਸਟਲ ਬੈਲਟ ਜਾਰੀ ਕਰਨ ਦੇ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਪ-ਰਾਸ਼ਟਰਪਤੀ ਚੋਣ, 2025 ਲਈ ਵੋਟਰ (ਇਲੈਕਟੋਰਲ ਕਾਲਜ ਦੇ ਮੈਂਬਰ) ਵੀ ਹਨ, ਨੂੰ ਵੋਟ ਪਾਉਣ ਦੀ ਸਹੂਲਤ ਦੇਣ ਸਬੰਧੀ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ।

EC directs MP Amritpal Singh to issue postal ballots in connection with Vice Presidential Election 2025

ਚੰਡੀਗੜ੍ਹ: ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਖਡੂਰ ਸਾਹਿਬ-03 ਸੰਸਦੀ ਹਲਕਾ, ਪੰਜਾਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ, ਜੋ ਕਿ ਉਪ-ਰਾਸ਼ਟਰਪਤੀ ਚੋਣ, 2025 ਲਈ ਵੋਟਰ (ਇਲੈਕਟੋਰਲ ਕਾਲਜ ਦੇ ਮੈਂਬਰ) ਵੀ ਹਨ, ਨੂੰ ਵੋਟ ਪਾਉਣ ਦੀ ਸਹੂਲਤ ਦੇਣ ਸਬੰਧੀ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ।

ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਸਥਿਤ ਕੇਂਦਰੀ ਜੇਲ੍ਹ ਵਿੱਚ ਕੌਮੀ ਸੁਰੱਖਿਆ ਐਕਟ, 1980 ਤਹਿਤ ਨਜ਼ਰਬੰਦ ਹਨ। ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣ ਨਿਯਮਾਂ, 1974 ਦੇ ਨਿਯਮ 26 ਦੇ ਉਪਬੰਧਾਂ ਅਨੁਸਾਰ ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਨੂੰ ਵੋਟ ਪਾਉਣ ਦੀ ਸਹੂਲਤ ਦੇਣ ਲਈ ਇੱਕ ਪੋਸਟਲ ਬੈਲਟ ਪੇਪਰ ਜਾਰੀ ਕੀਤਾ ਜਾਵੇ।

ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਨਜ਼ਰਬੰਦੀ (ਪ੍ਰੀਵੈਂਟਿਵ ਡਿਟੈਂਸ਼ਨ) ਅਧੀਨ ਜੇਲ੍ਹ ‘ਚ ਬੰਦ ਵੋਟਰਾਂ ਲਈ ਪੋਸਟਲ ਬੈਲਟ ਪੇਪਰ ਸਿਰਫ਼ ਵੋਟਾਂ ਵਾਲੇ ਦਿਨ ਹੀ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਨਿਸ਼ਾਨ ਲੱਗਿਆ (ਮਾਰਕ ਕੀਤਾ) ਪੋਸਟਲ ਬੈਲਟ ਵਾਲਾ ਸੀਲਬੰਦ ਲਿਫ਼ਾਫ਼ਾ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਰਿਟਰਨਿੰਗ ਅਫਸਰ ਕੋਲ ਪਹੁੰਚਣਾ ਲਾਜ਼ਮੀ ਹੈ।

ਇਸ ਅਨੁਸਾਰ ਕਮਿਸ਼ਨ ਨੇ ਗ੍ਰਹਿ ਮੰਤਰਾਲੇ ਅਤੇ ਅਸਾਮ ਸਰਕਾਰ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਅੰਮ੍ਰਿਤਪਾਲ ਸਿੰਘ ਦੁਆਰਾ ਨਿਸ਼ਾਨ ਲੱਗਿਆ ਪੋਸਟਲ ਬੈਲਟ ਵਾਲਾ ਸੀਲਬੰਦ ਲਿਫ਼ਾਫ਼ਾ ਅਸਾਮ ਦੇ ਡਿਬਰੂਗੜ੍ਹ ਤੋਂ ਇੱਕ ਵਿਸ਼ੇਸ਼ ਸੰਦੇਸ਼ਵਾਹਕ ਦੁਆਰਾ ਹਵਾਈ ਸਫ਼ਰ ਰਾਹੀਂ ਲਿਜਾਇਆ ਜਾਵੇ ਤਾਂ ਜੋ ਇਹ ਵੋਟਾਂ ਦੀ ਗਿਣਤੀ ਲਈ ਨਿਰਧਾਰਤ ਮਿਤੀ 9 ਸਤੰਬਰ 2025 ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਰਿਟਰਨਿੰਗ ਅਫਸਰ ਕੋਲ ਪਹੁੰਚ ਜਾਵੇ।

ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਪ੍ਰਬੰਧ ਕਰਕੇ ਕਮਿਸ਼ਨ ਨੂੰ ਇਸ ਬਾਰੇ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।